ਚੰਡੀਗੜ੍ਹ: ਕਿਸਾਨਾਂ ਨੇ ਵੀਰਵਾਰ ਨੂੰ ਹੋ ਰਹੇ ਟਰੈਕਟਰ ਮਾਰਚ ਲਈ ਤਿਆਰੀ ਵਿੱਢ ਦਿੱਤੀ ਹੈ। ਅੱਜ ਹਰਿਆਣਾ ਤੇ ਯੂਪੀ ਵਿੱਚੋਂ ਵੱਡੀ ਗਿਣਤੀ ਟਰੈਕਟਰ ਦਿੱਲੀ ਬਾਰਡਰ 'ਤੇ ਪਹੁੰਚ ਰਹੇ ਹਨ। ਇਸ ਟਰੈਕਟਰ ਮਾਰਚ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਮੇਤ ਦੇਸ਼ ਦੇ ਹੋਰ ਕਿਸਾਨ ਸ਼ਾਮਲ ਹੋਣਗੇ। ਇਸ ਮਾਰਚ ਲਈ ਹਰਿਆਣਾ ਦੇ ਹਰੇਕ ਪਿੰਡ ਤੋਂ ਘੱਟੋ-ਘੱਟ 10-10 ਟਰਾਲੀਆਂ ਮੰਗਵਾਈਆਂ ਗਈਆਂ ਹਨ।


ਉਧਰ, ਕਿਸਾਨਾਂ ਦੇ ਇਸ ਐਕਸ਼ਨ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਟਰੈਕਟਰ ਮਾਰਚ ਦੇ ਮੁੱਦੇਨਜ਼ਰ ਹੋਰ ਸੁਰੱਖਿਆ ਬਲ ਤਾਇਨਾਤ ਕੀਤੇ ਜਾ ਰਹੇ ਹਨ। ਸੁਰੱਖਿਆ ਏਜੰਸੀਆਂ ਨੂੰ ਇਹ ਵੀ ਡਰ ਹੈ ਕਿ ਕਿਸਾਨ ਕਿਸੇ ਹੋਰ ਪਾਸੇ ਮੋਰਚਾ ਨਾ ਖੋਲ੍ਹ ਲੈਣ। ਉਂਝ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਟਰੈਕਟਰ ਮਾਰਚ ਮਗਰੋਂ ਸਭ ਆਪਣੇ-ਆਪਣੇ ਧਰਨਿਆਂ ਵਿੱਚ ਵਾਪਸ ਪਰਤ ਆਉਣਗੇ।


ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਮਾਰਗ ’ਤੇ ਸਿੰਘੂ ਤੋਂ ਟਿਕਰੀ ਵੱਲ ਤੇ ਟਿਕਰੀ ਤਰਫ਼ੋਂ ਸਿੰਘੂ ਵੱਲ ਇਹ ਟਰੈਕਟਰ ਮਾਰਚ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਮਾਰਗ ’ਤੇ ਗਾਜ਼ੀਪੁਰ ਤੋਂ ਪਲਵਲ ਤੇ ਪਲਵਲ ਵੱਲੋਂ ਗਾਜ਼ੀਪੁਰ ਧਰਨੇ ਵੱਲ ਟਰੈਕਟਰ ਚੱਲਣਗੇ।


ਉਨ੍ਹਾਂ ਦੱਸਿਆ ਕਿ ਚਾਰਾਂ ਧਰਨਿਆਂ ਤੋਂ ਦਿਨ ਦੇ 11 ਵਜੇ ਇੱਕੋ ਸਮੇਂ ਚੱਲੇ ਟਰੈਕਟਰ ਮਾਰਗ ਦੇ ਦੋਵੇਂ ਹਿੱਸਿਆਂ (ਕੇਐਮਪੀ), (ਕੇਜੀਪੀ) ਦੇ ਅੱਧ-ਵਿਚਕਾਰ ਇਕੱਠੇ ਹੋਣਗੇ ਜਿੱਥੇ ਕਿਸਾਨ ਆਗੂ ਸੰਖੇਪ ਭਾਸ਼ਣ ਦੇਣਗੇ। ਯੂਥ ਆਗੂ ਮੁਤਾਬਕ ਅੱਧ ’ਚ ਇਕੱਠੇ ਹੋਣ ਉਪਰੰਤ ਮਾਰਚ ਵਿੱਚ ਸ਼ਾਮਲ ਟਰੈਕਟਰ ਫਿਰ ਆਪਣੇ ਟਿਕਾਣਿਆਂ ਨੂੰ ਮੁੜ ਜਾਣਗੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ