Kashmir Encounter: ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਵਿਰੁੱਧ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪਿਛਲੇ 72 ਘੰਟਿਆਂ ’ਚ ਸੁਰੱਖਿਆ ਬਲਾਂ ਨੇ 12 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹ ਸਾਰੇ ਅੱਤਵਾਦੀ ਚਾਰ ਵੱਖੋ-ਵੱਖਰੇ ਆਪਰੇਸ਼ਨਜ਼ ਦੌਰਾਨ ਮਾਰੇ ਗਏ ਹਨ। ਤ੍ਰਾਲ ਤੇ ਸ਼ੋਪੀਆਂ ’ਚ 7 ਅੱਤਵਾਦੀ ਢੇਰ ਕੀਤੇ ਗਏ ਹਨ। ਇਹ ਜਾਣਕਾਰੀ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ਼ ਸਿੰਘ ਨੇ ਦਿੱਤੀ।

 

ਡਾਇਰੈਕਟਰ ਜਨਰਲ ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ, ਬੀਜਬਿਹਾਰਾ ’ਚ ਆਪਰੇਸ਼ਨ ਖ਼ਤਮ ਹੋ ਗਿਆ ਹੈ। ਪਿਛਲੇ 72 ਘੰਟਿਆਂ ’ਚ ਚਾਰ ਵੱਖੋ-ਵੱਖਰੇ ਆਪਰੇਸ਼ਨ ਵਿੱਚ 12 ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਤ੍ਰਾਲ ਤੇ ਸ਼ੋਪੀਆਂ ’ਚ ਸੱਤ ਅੱਤਵਾਦੀ ਮਾਰੇ ਗਏ ਹਨ, ਹਾਦੀਪੁਰਾ ’ਚ ਅਲ-ਬਦਰ ਦੇ 3 ਅੱਤਵਾਦੀ ਅਤੇ ਬੀਜਬਿਹਾਰਾ ’ਚ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਮਾਰੇ ਗਏ ਹਨ।

 

ਸ਼ੋਪੀਆਂ ਜ਼ਿਲ੍ਹੇ ਦੇ ਹਾਦੀਪੁਰਾ ’ਚ ਹੋਏ ਇੱਕ ਮੁਕਾਬਲੇ ਦੌਰਾਨ 3 ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਕੋਲ ਇੱਕ ਏਕੇ ਰਾਈਫ਼ਲ ਤੇ 1 ਪਿਸਤੌਲ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਨਵੇਂ ਭਰਤੀ ਹੋਏ ਇੱਕ ਅੱਤਵਾਦੀ ਨੂੰ ਆਤਮ ਸਮਰਪਣ ਕਰਵਾਉਣ ਲਈ ਪੁਲਿਸ ਤੇ ਸੁਰੱਖਿਆ ਬਲਾਂ ਨੇ ਕਾਫ਼ੀ ਕੋਸ਼ਿਸ਼ਾਂ ਕੀਤੀਆਂ। ਉਸ ਦੇ ਮਾਪਿਆਂ ਨੇ ਵੀ ਅਪੀਲਾਂ ਕੀਤੀਆਂ ਪਰ ਬਾਕੀ ਅੱਤਵਾਦੀਆਂ ਨੇ ਉਸ ਨੂੰ ਆਤਮ ਸਮਰਪਣ ਨਾ ਕਰਨ ਦਿੱਤਾ।

 

ਇਸ ਤੋਂ ਪਹਿਲਾਂ ਸਨਿੱਚਰਵਾਰ ਸ਼ਾਮੀਂ ਦੱਖਣੀ ਕਸ਼ਮੀਰ ਦੇ ਅਨੰਤਨਾਗ ਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਇੱਕ ਤੋਂ ਬਾਅਦ ਦੂਜਾ ਮੁਕਾਬਲਾ ਸ਼ੁਰੂ ਹੋ ਗਿਆ ਸੀ। ਪਹਿਲਾ ਮੁਕਾਬਲਾ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਹਾਦੀਪੁਰਾ ਇਲਾਕੇ ’ਚ ਹੋਇਆ; ਜਦ ਕਿ ਦੂਜਾ ਮੁਕਾਬਲਾ ਅਨੰਤਨਾਗ ਜ਼ਿਲ੍ਹੇ ਦੇ ਸੇਮਥਾਨ ਬੀਜਬਿਹਾਰਾ ਇਲਾਕੇ ਵਿੱਚ ਹੋਇਆ।

 

ਦੋਵੇਂ ਥਾਵਾਂ ਉੱਤੇ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਤੇ ਫ਼ੌਜ ਦੀਆਂ ਸਾਂਝੀਆਂ ਟੀਮਾਂ ਨੇ ਜਿਵੇਂ ਹੀ ਘੇਰਾਬੰਦੀ ਕੀਤੀ, ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕੀਤੀ। ਬਾਅਦ ’ਚ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਕਰਕੇ ਵੱਡੇ ਮੁਕਾਬਲੇ ਸ਼ੁਰੂ ਹੋ ਗਏ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ