ਹਾਪੁੜ (ਉੱਤਰ ਪ੍ਰਦੇਸ਼): ਹਾਪੁੜ ਦੇ ਦਿਹਾਤੀ ਥਾਣਾ ਇਲਾਕੇ ਦੇ ਪੈਟਰੋਲ ਪੰਪ ਉੱਤੇ ਭਾਜਪਾ ਆਗੂ ਤੇ ਸਦਰ ਭਾਜਪਾ ਵਿਧਾਇਕ ਵਿਜੇਪਾਲ ਆੜ੍ਹਤੀ ਦੇ ਸੁਰੱਖਿਆ ਗਾਰਡ ਦੀ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਆਗੂ ਦੇ ਬੰਦੂਕਧਾਰੀ ਸੁਰੱਖਿਆ ਗਾਰਡ ਨੇ ਪੈਟਰੋਲ ਪੰਪ ਮੁਲਾਜ਼ਮ ਨਾਲ ਕਾਫ਼ੀ ਜ਼ਿਆਦਾ ਕੁੱਟਮਾਰ ਕੀਤੀ ਹੈ। ਗਾਰਡ ਨਾਲ ਭਾਜਪਾ ਵਿਧਾਇਕ ਨਾਲ ਚੱਲ ਰਹੇ ਇੱਕ ਭਾਜਪਾ ਆਗੂ ਨੇ ਵੀ ਪੈਟਰੋਲ ਪੰਪ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਹੈ।



 
ਦਰਅਸਲ, ਵਿਜੇ ਪਾਲ ਆੜ੍ਹਤੀ ਹਾਪੁੜ ਸਦਰ ਸੀਟ ਤੋਂ ਭਾਜਪਾ ਦੇ ਵਿਧਾਇਕ ਹਨ। ਉਹ ਆਪਣੇ ਇੱਕ ਭਾਜਪਾ ਆਗੂ ਤੇ ਗੰਨਰ ਨਾਲ ਦਿਹਾਤ ਥਾਣਾ ਇਲਾਕੇ ’ਚ ਸਥਿਤ ਪੈਟਰੋਲ ਪੰਪ ਉੱਤੇ ਰੁਕੇ ਸਨ। ਕਿਸੇ ਗੱਲ ਨੂੰ ਲੈ ਕੇ ਵਿਧਾਇਕ ਦੇ ਗੰਨਰ ਤੇ ਪੈਟਰੋਲ ਪੰਪ ਉੱਤੇ ਤਾਇਨਾਤ ਮੁਲਾਜ਼ਮ ਵਿਚਾਲੇ ਕੋਈ ਬਹਿਸਬਾਜ਼ੀ ਸ਼ੁਰੂ ਹੋ ਗਈ।

 
ਉਸ ਤੋਂ ਬਾਅਦ ਸੁਰੱਖਿਆ ਗਾਰਡ ਨੇ ਪੈਟਰੋਲ ਪੰਪ ਦੇ ਮੁਲਾਜ਼ਮ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਭਾਜਪਾ ਵਿਧਾਇਕ ਉੱਥੇ ਖੜ੍ਹਾ ਤਮਾਸ਼ਾ ਵੇਖਦਾ ਰਿਹਾ। ਉਨ੍ਹਾਂ ਆਪਣੇ ਗਾਰਡ ਨੂੰ ਰੋਕਣ ਦੀ ਇੱਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ। ਇਹ ਸਾਰੀ ਘਟਨਾ ਇੱਕ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ; ਜਿਸ ਤੋਂ ਬਾਅਦ ਹੁਣ ਇਹ ਵੀਡੀਓ ਵਾਇਰਲ ਵੀ ਹੋ ਗਈ ਹੈ।

 

ਇਸ ਮਾਮਲੇ ਨਾਲ ਸਬੰਧਤ ਪੈਟਰੋਲ ਪੰਪ ਦੇ ਮੈਨੇਜਰ ਨੇ ਕੈਮਰੇ ’ਤੇ ਬਾਈਟ ਦੇਣ ਤੋਂ ਮਨ੍ਹਾ ਕਰ ਦਿੱਤਾ। ਉਂਝ ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਨਾਲ ਕੁੱਟਮਾਰ ਹੋਈ ਸੀ, ਉਹ ਸਿੰਭਾਵਲੀ ਦਾ ਰਹਿਣ ਵਾਲਾ ਹੈ ਤੇ ਅੱਜ ਛੁੱਟੀ’ਤੇ ਹੈ। ਅੱਜ ਉਹ ਆਇਆ ਨਹੀਂ ਹੈ।

 

ਉੱਧਰ ਭਾਜਪਾ ਵਿਧਾਇਕ ਵਿਜੇਪਾਲ ਆੜ੍ਹਤੀ ਨੇ ਦੱਸਿਆ ਕਿ – ਅਸੀਂ ਛਾਵਣੀ ਜਾ ਰਹੇ ਸਾਂ ਕਿ ਅਸੀਂ ਗੱਡੀ ਵਿੱਚ ਪੈਟਰੋਲ ਪਵਾਉਦ ਲਈ 3,000 ਰੁਪਏ ਦਿੱਤੇ; ਜਿਸ ਵਿੱਚੋਂ ਪੈਟਰੋਲ ਪੰਪ ਮੁਲਾਜ਼ਮ ਨੇ 2,500 ਰੁਪਏ ਦਾ ਤੇਲ ਪਾਇਆ ਤੇ ਦੀਵਾਨ ਨਾਲ ਬਹਿਸ ਕਰਦਿਆਂ ਉਨ੍ਹਾਂ ਦੀ ਵਰਦੀ ਫੜ ਲਈ ਤੇ ਗਾਲ਼ਾਂ ਕੱਢਣ ਲੱਗਾ। ਇਸ ਤੋਂ ਨਾਰਾਜ਼ ਹੋ ਕੇ ਦੀਵਾਨ ਜੀ ਉਸ ਨਾਲ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਲੋਕਾਂ ਨੇ ਛੁਡਾਇਆ ਤੇ ਉਸ ਨੇ ਮੈਨੂੰ ਵੀ ਗਾਲ਼ਾਂ ਕੱਢੀਆਂ।