ਚੰਡੀਗੜ੍ਹ: ਸਾਧਵੀਆਂ ਨਾਲ ਬਲਾਤਕਾਰ ਮਾਮਲੇ ‘ਚ ਸਜ਼ਾਯਾਫ਼ਤਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਅੱਜ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਮਾਮਲੇ ‘ਚ ਸਜ਼ਾ ਸੁਣਾਈ ਜਾਵੇਗੀ। ਹਰਿਆਣਾ ਦੀ ਪੰਚਕੂਲਾ ਸਥਿਤ ਸੀਬੀਆਈ ਵਿਸ਼ੇਸ਼ ਅਦਾਲਤ ਨੇ ਬੀਤੀ 11 ਜਨਵਰੀ ਨੂੰ ਡੇਰਾ ਮੁਖੀ ਸਮੇਤ ਚਾਰ ਹੋਰ ਵਿਅਕਤੀਆਂ ਨੂੰ ਪੱਤਰਕਾਰ ਛੱਤਰਪਤੀ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਅੱਜ ਯਾਨੀ 17 ਜਨਵਰੀ ਨੂੰ ਸਜ਼ਾ ਦਾ ਐਲਾਨ ਕੀਤਾ ਜਾਣਾ ਹੈ। ਸਜ਼ਾ ਦੇ ਐਲਾਨ ਤੋਂ ਪਹਿਲਾਂ ਸੁਰੱਖਿਆ ਦੇ ਪ੍ਰਬੰਧ ਸਖ਼ਤ ਹੋ ਗਏ ਹਨ।


ਇਹ ਵੀ ਪੜ੍ਹੋ- ਪੱਤਰਕਾਰ ਕਤਲ ਕੇਸ 'ਚ ਰਾਮ ਰਹੀਮ ਨੂੰ ਸਜ਼ਾ ਬਾਰੇ ਅਦਾਲਤ ਨੇ ਮੰਨੀ ਸਰਕਾਰ ਦੀ ਅਪੀਲ

ਹਾਲਾਂਕਿ, ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕੀਤੇ ਜਾਣ ਦੀ ਹਰਿਆਣਾ ਸਰਕਾਰ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਸੀ। ਇਸ ਨਾਲ ਸਰਕਾਰ ਨੂੰ ਖਾਸੀ ਰਾਹਤ ਹੈ। ਹੁਣ ਸਿਰਫ਼ ਅਦਾਲਤ ਦੇ ਨੇੜੇ-ਤੇੜੇ ਸੁਰੱਖਿਆ ਸਖ਼ਤ ਕੀਤੀ ਗਈ ਹੈ ਤੇ ਸੰਵੇਦਨਸ਼ੀਲ ਨਾਮ ਚਰਚਾ ਘਰਾਂ 'ਤੇ ਵੀ ਪੁਲਿਸ ਦਾ ਪਹਿਰਾ ਹੈ।


ਸੀਬੀਆਈ ਵਿਸ਼ੇਸ਼ ਕੋਰਟ ਦੇ ਜੱਜ ਜਗਦੀਪ ਸਿੰਘ ਅਦਾਲਤ ‘ਚ ਪਹੁੰਚ ਚੁੱਕੇ ਹਨ ਤੇ ਰਾਮ ਰਹੀਮ ਨੂੰ ਕਿਸੇ ਵੀ ਸਮੇਂ ਸਜ਼ਾ ਦਾ ਐਲਾਨ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਕੈਦ ਹੈ।

ਛੱਤਰਪਤੀ ਕਤਲ ਕੇਸ ਬਾਰੇ ਪੂਰੀ ਜਾਣਕਾਰੀ ਲਈ ਪੜ੍ਹੋ- ਕਾਤਲ ਵੀ ਨਿੱਕਲਿਆ ਬਲਾਤਕਾਰੀ ਬਾਬਾ, CBI ਅਦਾਲਤ ਨੇ ਸੁਣਾਇਆ ਇਤਿਹਾਸਕ ਫੈਸਲਾ

ਕਾਨੂੰਨੀ ਮਾਹਰਾਂ ਦੀ ਮੰਨੀਏ ਤਾਂ ਰਾਮ ਰਹੀਮ ਨੂੰ 10 ਸਾਲ ਤੋਂ ਲੈਕੇ ਉਮਰ ਕੈਦ ਤਕ ਦੀ ਸਜ਼ਾ ਹੋ ਸਕਦੀ ਹੈ। ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 28 ਅਗਸਤ 2017 ਨੂੰ ਰਾਮ ਰਹੀਮ ਨੂੰ 10-10 ਸਾਲ ਯਾਨੀ ਕੁੱਲ 20 ਸਾਲ ਦੀ ਸਜ਼ਾ ਦੇ ਨਾਲ 30 ਲੱਖ ਰੁਪਏ ਜ਼ੁਰਮਾਨਾ ਵੀ ਹੋਇਆ ਸੀ। ਜਿਸ ਤਰ੍ਹਾਂ ਬਲਾਤਕਾਰ ਦੇ ਦੋ ਮਾਮਲਿਆਂ ਵਿੱਚ ਵੱਖ-ਵੱਖ ਸਜ਼ਾ ਸੁਣਾਈ ਗਈ ਸੀ, ਇਹ ਦੇਖਣਾ ਹੋਵੇਗਾ ਕਿ ਅੱਜ ਰਾਮ ਰਹੀਮ ਲਈ ਕਤਲ ਕੇਸ ਦੀ ਸਜ਼ਾ ਵੱਖਰੇ ਤੌਰ 'ਤੇ ਚੱਲੇਗੀ ਜਾਂ ਮੌਜੂਦਾ ਸਜ਼ਾ ਦੇ ਨਾਲ ਹੀ ਪੂਰੀ ਕੀਤੀ ਜਾਵੇਗੀ। ਕੁਝ ਹੀ ਸਮੇਂ ਵਿੱਚ ਅਦਾਲਤ ਦਾ ਫੈਸਲਾ ਆ ਸਕਦਾ ਹੈ।