ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕੇਟਰ ਵਿਰੇਂਦਰ ਸਹਿਵਾਗ ਨੇ 2019 ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਪਿਛਲੇ ਦਿਨਾਂ ਦੌਰਾਨ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਹਿਵਾਗ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਰੋਹਤਕ ਸੀਟ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਪਰ ਸਾਬਕਾ ਕ੍ਰਿਕੇਟਰ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।


ਸਹਿਵਾਗ ਨੇ ਟਵੀਟ ਕੀਤਾ ਹੈ ਕਿ ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ, ਜਿਵੇਂ ਇਲੈਕਸ਼ਨ ਦੀਆਂ ਅਫ਼ਵਾਹਾਂ। ਉਨ੍ਹਾਂ ਇਹ ਵੀ ਕਿਹਾ ਕਿ ਅਫ਼ਵਾਹਾਂ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ ਹੈ। ਸਹਿਵਾਗ ਨੇ ਕਿਹਾ ਕਿ 2014 ਵਿੱਚ ਵੀ ਉਹ ਚੋਣਾਂ ਲਈ ਰਾਜ਼ੀ ਨਹੀਂ ਸਨ ਅਤੇ ਨਾ ਹੀ 2019 ਦੀਆਂ ਚੋਣਾਂ ਵਿੱਚ ਉਹ ਉੱਤਰਨਗੇ।

ਜ਼ਿਕਰਯੋਗ ਹੈ ਕਿ ਅੰਗ੍ਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬੀਜੇਪੀ ਦੇ ਸੀਨੀਅਰ ਨੇਤਾ ਸਹਿਵਾਗ ਨੂੰ ਚੋਣ ਲੜਨ ਲਈ ਮਨਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਸ ਰਿਪੋਰਟ ਮੁਤਾਬਕ ਬੀਜੇਪੀ ਨੇ ਸਹਿਵਾਗ ਨੂੰ ਟਿਕਟ ਦੇਣ ਦਾ ਪੂਰਾ ਮਨ ਬਣਾ ਲਿਆ ਸੀ, ਸਿਰਫ਼ ਸਹਿਵਾਗ ਦੀ ਹਾਂ ਦਾ ਇੰਤਜ਼ਾਰ ਸੀ। ਪਰ ਹੁਣ ਸਹਿਵਾਗ ਨੇ ਹੀ ਇਨ੍ਹਾਂ ਖ਼ਬਰਾਂ ਦਾ ਖੰਡਨ ਕਰ ਦਿੱਤਾ ਹੈ।