ਨਵੀਂ ਦਿੱਲੀ: ਸ਼ਰਾਬ ਨੇ ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ ਤੇ ਕਿੰਨੇ ਘਰਾਂ ਦੀਆਂ ਖੁਸ਼ੀਆਂ ਖੋਹ ਲਈਆਂ ਹਨ ਪਰ ਫਿਰ ਵੀ ਲੋਕ ਇਸ ਦੇ ਜਾਲ ਵਿੱਚ ਫਸ ਜਾਂਦੇ ਹਨ। ਸ਼ਰਾਬ ਦੀ ਲਤ ਲੱਗਣ 'ਤੇ ਵਿਅਕਤੀ ਇਹ ਵੀ ਨਹੀਂ ਦੇਖਦਾ ਕਿ ਇਸ ਦੀ ਗੁਣਵੱਤਾ ਕਿਵੇਂ ਦੀ ਹੈ, ਕਿਤੇ ਇਹ ਨਕਲੀ ਹੈ ਜਾਂ ਅਸਲੀ। ਕਈ ਵਾਰ ਇਹ ਨਸ਼ਾ ਜਾਨਲੇਵਾ ਸਾਬਤ ਹੋ ਸਕਦਾ ਹੈ।


ਅੱਜ ਹੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ 36 ਲੋਕਾਂ ਦੀ ਮੌਤ ਹੋ ਗਈ। ਉੱਤਰਾਖੰਡ ਦੇ ਰੁੜਕੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 12, ਯੂਪੀ ਦੇ ਸਹਾਰਨਪੁਰ ਵਿੱਚ 16 ਤੇ ਕੁਸ਼ੀਨਗਰ 'ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਜਾਨ ਗਈ ਹੈ। ਸਾਲ 2015 ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 1522 ਲੋਕਾਂ ਦੀ ਜਾਨ ਗਈ ਸੀ। ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਰੋਜ਼ਾਨਾ ਔਸਤਨ ਚਾਰ ਲੋਕਾਂ ਦੀ ਮੌਤ ਹੁੰਦੀ ਹੈ।

ਸਾਲ 2005 ਤੋਂ 2015 ਤਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਪਗ 12,000 ਲੋਕਾਂ ਦੀ ਜਾਨ ਗਈ ਹੈ। ਯਾਨੀ ਔਸਤਨ 1183 ਲੋਕ ਹਰ ਸਾਲ ਨਕਲੀ ਸ਼ਰਾਬ ਦੀ ਲਪੇਟ ਵਿੱਚ ਆ ਕੇ ਦੁਨੀਆ ਤੋਂ ਚਲੇ ਜਾਂਦੇ ਹਨ। ਸਾਲ 2006 ਵਿੱਚ ਮਰਨ ਵਾਲਿਆਂ ਦਾ ਅੰਕੜਾ 685 ਸੀ, ਪਰ ਸਾਲ 2015 ਵਿੱਚ ਅੰਕੜਿਆਂ ਦੀ ਤੁਲਨਾ ਕਰਨ ਤਾਂ ਉਹ ਦੁੱਗਣੇ ਤੋਂ ਵੀ ਵੱਧ ਹੈ। ਮਰਨ ਵਾਲਿਆਂ ਵਿੱਚ 79 ਫ਼ੀਸਦ ਮਰਦ ਹਨ। ਪੰਜਾਬ ਸਮੇਤ ਕਰਨਾਟਕ, ਪੱਛਮੀ ਬੰਗਾਲ ਤੇ ਗੁਜਰਾਤ ਜਿਹੇ ਸੂਬਿਆਂ ਵਿੱਚ ਵੀ 5945 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ, ਜਿਨ੍ਹਾਂ ਜ਼ਹਿਰੀਲੀ ਸ਼ਰਾਬ ਪੀਤੀ ਸੀ।

ਸ਼ਰਾਬ ਬਾਜ਼ਾਰ ਮਾਹਰਾਂ ਮੁਤਾਬਕ ਭਾਰਤ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਸ਼ਰਾਬ ਬਾਜ਼ਾਰ ਹੈ। ਸ਼ਰਾਬ ਸਨਅਤ ਦਾ ਮੰਨਣਾ ਹੈ ਕਿ ਨਕਲੀ ਸ਼ਰਾਬ ਕਾਰਨ ਮੌਤਾਂ ਸਰਕਾਰਾਂ ਦੀ ਨਿਤੀ ਤੇ ਵੱਧ ਟੈਕਸ ਦਰਾਂ ਕਾਰਨ ਨਕਲੀ ਸ਼ਰਾਬ ਦਾ ਕਾਰੋਬਾਰ ਵਧ ਰਿਹਾ ਹੈ। ਨਾਜਾਇਜ਼ ਸ਼ਰਾਬ ਦਾ ਬਾਜ਼ਾਰ ਦੇ ਫੈਲਾਅ ਬਾਰੇ ਅੰਦਾਜ਼ਾ ਲਾਉਣਾ ਔਖਾ ਹੈ ਪਰ ਇਹ ਕਰੋੜਾਂ ਰੁਪਿਆਂ ਦਾ ਹੈ।