ਨਵੀਂ ਦਿੱਲੀ: ਰਾਫੇਲ ਡੀਲ ਸਬੰਧੀ ਸੱਤਾਧਾਰੀ ਤੇ ਵਿਰੋਧੀ ਧਿਰ ਵਿਚਾਲੇ ਪਲਟਵਾਰ ਦੀ ਸਿਲਸਿਲਾ ਜਾਰੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਰਾਫੇਲ ਡੀਲ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਇਆ।
ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਰਾਹੁਲ ਨੇ ਕਿਹਾ ਕਿ ਪੀਐਮ ਨੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਓਲਾਂਦ ਨੂੰ ਬੋਲਿਆ ਸੀ ਕਿ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਇਕਰਾਰਨਾਮਾ ਦਿੱਤਾ ਜਾਏ। ਇਹ ਗੱਲ ਓਲਾਂਦ ਨੇ ਖ਼ੁਦ ਆਖੀ ਸੀ। ਹੁਣ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਸਮਾਨਾਂਤਰ ਗੱਲ ਕਹੀ ਤੇ ਸਾਡੀ ਸਥਿਤੀ ਕਮਜ਼ੋਰ ਕੀਤੀ। ਰਾਹੁਲ ਨੇ ਇਸ ’ਤੇ ਪੀਐਮ ਮੋਦੀ ਕੋਲੋਂ ਜਵਾਬ ਮੰਗਿਆ ਹੈ।
ਰਾਹੁਲ ਨੇ ਕਿਹਾ ਕਿ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਓਲਾਂਦ ਦਾ ਦਾਅਵਾ ਸਹੀ ਨਿਕਲਿਆ ਕਿ ਪੀਐਮ ਮੋਦੀ ਨੇ ਉਨ੍ਹਾਂ ਨੂੰ ਅਨਿਲ ਅੰਬਾਨੀ ਨੂੰ ਟੈਂਡਰ ਦੇਣ ਲਈ ਕਿਹਾ ਸੀ। 30 ਹਜ਼ਾਰ ਕਰੋੜ ਰੁਪਏ ਹਵਾਈ ਫੌਜ ਲਈ ਇਸਤੇਮਾਲ ਹੋ ਸਕਦੇ ਸੀ ਪਰ ਪੀਐਮ ਨੇ ਇਹ ਪੈਸੇ ਅਨਿਲ ਅੰਬਾਨੀ ਨੂੰ ਦਿੱਤੇ। ਸਪਸ਼ਟ ਹੈ ਕਿ ਪੀਐਮ ਨੇ ਦੇਸ਼ ਨਾਲ ਚੋਰੀ ਕੀਤੀ।