ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਕਾਜੀਗੁੰਡ 'ਚ ਤਿੰਨ ਅੱਤਵਾਦੀ ਤੇ ਉਨ੍ਹਾਂ ਦੇ ਨਾਲ ਕਾਰ ਸਵਾਰ ਜੰਮੂ-ਕਸ਼ਮੀਰ ਪੁਲਿਸ ਦਾ ਡੀਐਸਪੀ ਗ੍ਰਿਫਤਾਰ ਕੀਤਾ ਗਿਆ ਹੈ। ਡੀਐਸਪੀ ਦਾ ਨਾਂ ਦੇਵੇਂਦਰ ਸਿੰਘ ਹੈ। ਡੀਐਸਪੀ ਨਾਲ ਨਵੀਦ ਅਹਿਮਦ ਉਰਫ ਬੱਬੂ, ਰਾਫੀ ਅਹਿਮਦ ਰਾਥਰ ਉਰਫ ਆਰਿਫ ਤੇ ਇਰਫਾਨ ਅਹਿਮਦ ਮੀਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਡੀਐਸਪੀ ਦੇਵੇਂਦਰ ਸਿੰਘ ਦੀ ਗ੍ਰਿਫਤਾਰੀ ਨਾਲ ਨਵੀਂ ਚਰਚਾ ਛਿੜ ਗਈ ਹੈ। ਪਤਾ ਲੱਗਾ ਹੈ ਕਿ ਦੇਵੇਂਦਰ ਸਿੰਘ ਰਾਸ਼ਟਰਪਤੀ ਪੁਲਿਸ ਮੈਡਲ ਜੇਤੂ ਹੈ। ਉਹ ਸ਼੍ਰੀਨਗਰ ਏਅਰਪੋਰਟ ਸਕਿਉਰਿਟੀ 'ਚ ਤਾਇਨਤ ਸੀ। ਉਹ ਐਂਟੀ ਹਾਈਜੈਕਿੰਗ ਸਕੁਆਇਡ 'ਚ ਵੀ ਸ਼ਾਮਲ ਸੀ।

ਦਰਅਸਲ 2001 'ਚ ਸੰਸਦ ਅਟੈਕ 'ਚ ਵੀ ਡੀਐਸਪੀ ਦੇਵੇਂਦਰ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਉਸ ਸਮੇਂ ਉਹ ਇੰਸਪੈਕਟਰ ਵਜੋਂ ਸਪੈਸ਼ਲ ਸੈੱਲ ਦਾ ਹਿੱਸਾ ਸੀ। ਐਂਟੀ ਟੈਰਰ ਆਪ੍ਰੇਸ਼ਨ ਤੋਂ ਬਾਅਦ ਦੇਵੇਂਦਰ ਨੂੰ DSP ਵਜੋਂ ਪ੍ਰਮੋਟ ਕੀਤਾ ਗਿਆ।

ਖੁਫੀਆ ਰਿਪੋਰਟਾਂ ਮੁਤਾਬਕ ਡੀਐਸਪੀ ਅੱਤਵਾਦੀਆਂ ਨੂੰ ਘਾਟੀ 'ਚੋਂ ਬਾਹਰ ਕੱਢਣ ਲਈ ਮਦਦ ਕਰ ਰਿਹਾ ਸੀ। ਦੇਵੇਂਦਰ ਦੀ ਮਦਦ ਨਾਲ ਅੱਤਵਾਦੀ ਦਿੱਲੀ ਆਉਣ ਵਾਲੇ ਸੀ। ਦੇਵੇਂਦਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਖੁਫੀਆ ਏਜੰਸੀਆਂ ਦੇ ਹੋਸ਼ ਉੱਡ ਗਏ। ਦੇਵੇਂਦਰ ਸਿੰਘ ਦੇ ਘਰੋਂ 5 ਗ੍ਰੇਨੇਡ ਤੇ ਤਿੰਨ AK-47 ਬਰਾਮਦ ਹੋਈਆਂ।

ਦਰਅਸਲ ਦੱਖਣੀ ਕਸ਼ਮੀਰ ਦੇ DIG ਦੀ ਅਗਵਾਈ 'ਚ ਇਹ ਸਰਚ ਆਪ੍ਰੇਸ਼ਨ ਕੀਤਾ ਗਿਆ। ਕੁਲਗਾਂਵ ਨੇੜੇ ਅੱਤਵਾਦੀਆਂ ਦੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਅੱਤਵਾਦੀਆਂ ਨਾਲ ਕਾਰ 'ਚ DSP ਦੇਵੇਂਦਰ ਸਿੰਘ ਵੀ ਸਵਾਰ ਸੀ। ਤਲਾਸ਼ੀ ਦੌਰਾਨ ਤਿੰਨ AK-47 ਤੇ ਅਸਲਾ ਬਰਾਮਦ ਕੀਤਾ ਗਿਆ। ਅੱਤਵਾਦੀਆ ਨੂੰ ਫੜਨ ਲਈ ਸ਼ਨੀਵਾਰ ਰਾਤ ਹੀ ਨਾਕਾਬੰਦੀ ਕੀਤੀ ਗਈ ਸੀ।

ਗ੍ਰਿਫ਼ਤਾਰ ਤਿੰਨ ਅੱਤਵਾਦੀਆਂ 'ਚੋਂ ਨਵੀਦ ਹਿਜਬੁੱਲ ਦਾ ਟੌਪ ਕਮਾਂਡਰ ਹੈ। ਅੱਤਵਾਦੀ ਨਵੀਦ ਪਹਿਲਾਂ ਜੰਮੂ ਪੁਲਿਸ ਦਾ ਮੁਲਾਜ਼ਮ ਸੀ। 2017 'ਚ ਡਿਊਟੀ ਦੌਰਾਨ ਨਵੀਦ ਹਥਿਆਰ ਲੈ ਕੇ ਫਰਾਰ ਹੋਇਆ ਸੀ। ਭੱਜਣ ਤੋਂ ਬਾਅਦ ਨਵੀਦ ਨੇ ਹਿਜਬੁੱਲ ਸੰਗਠਨ ਜੁਆਇਨ ਕੀਤਾ ਸੀ। ਨਵੀਦ ਨੇ ਹੀ ਘਾਟੀ 'ਚ ਟਰੱਕ ਡਰਾਈਵਰ ਤੇ ਸੇਬ ਵਪਾਰੀਆਂ 'ਤੇ ਹਮਲਾ ਕੀਤਾ ਸੀ।