ਨਵੀਂ ਦਿੱਲੀ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਹਫਤੇ ਦੀ ਸ਼ੁਰੂਆਤ ‘ਚ ਹੀ ਵਾਧਾ ਹੋਇਆ ਹੈ। ਅੱਜ ਦੇ ਕਾਰੋਬਾਰ ‘ਚ ਸੈਂਸੇਕਸ ਨਿਫਟੀ ‘ਚ ਸ਼ਾਨਦਾਰ ਉਛਾਲ ਵੇਖਿਆ ਗਿਆ ਹੈ। ਟ੍ਰੇਡਿੰਗ ਖ਼ਤਮ ਹੋਣ ਸਮੇਂ ਸੈਂਸੇਕਸ ਵਿੱਚ 800 ਅੰਕਾਂ ਦਾ ਜ਼ਬਰਦਸਤ ਉਛਾਲ ਦੇਖਿਆ ਗਿਆ। ਨਿਫਟੀ ‘ਚ ਵੀ ਸਵਾ ਦੋ ਫੀਸਦੀ ਦੇ ਉਛਾਲ ਨਾਲ ਟ੍ਰੇਡਿੰਗ ਹੋ ਰਹੀ ਸੀ।


ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੀਤੇ ਸ਼ੁੱਕਰਵਾਰ ਅਰਥਵਿਵਸਥਾ ਲਈ ਜਿਨ੍ਹਾਂ ਕਦਮਾਂ ਦਾ ਐਲਾਨ ਕੀਤਾ ਸੀ, ਉਨ੍ਹਾਂ ਦਾ ਅਸਰ ਘਰੇਲੂ ਬਾਜ਼ਾਰ ‘ਚ ਨਜ਼ਰ ਆਇਆ। ਅੱਜ ਬਾਜ਼ਾਰ ਭਾਰੀ ਤੇਜ਼ੀ ਨਾਲ ਖੁੱਲ੍ਹਿਆ। ਉਧਰ ਕਾਰੋਬਾਰ ਬੰਦ ਹੋਣ ਸਮੇਂ ਇਸ ‘ਚ ਸ਼ਾਨਦਾਰ ਉਛਾਲ ਵੇਖਣ ਨੂੰ ਮਿਲਿਆ।

ਅਮਰੀਕਾ ਨੇ ਵੀ ਚੀਨ ਦੇ ਉਤਪਾਦਾਂ ‘ਤੇ ਡਿਊਟੀ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਗਲੋਬਲ ਬਾਜ਼ਾਰਾਂ ‘ਚ ਉਥਲ-ਪੁਥਲ ਵੇਖਣ ਨੂੰ ਮਿਲੀ ਪਰ ਭਾਰਤੀ ਬਾਜ਼ਾਰ ਸੰਭਲ ਗਏ। ਉਹ ਵਾਧੇ ਨਾਲ ਬੰਦ ਹੋਣ ‘ਚ ਕਾਮਯਾਬ ਰਹੇ।

ਅੱਜ ਸਿਰਫ ਮੈਟਲ ਸ਼ੇਅਰਾਂ ‘ਚ ਕਰੀਬ ਇੱਕ ਫੀਸਦ ਦੀ ਗਿਰਾਵਟ ਵੇਖਣ ਨੂੰ ਮਿਲੀ। ਅੱਜ ਨਿਫਟੀ ਦੇ 50 ਵਿੱਚੋਂ 13 ਸ਼ੇਅਰਾਂ ‘ਚ ਗਿਰਾਵਟ ਨਾਲ ਕਾਰੋਬਾਰ ਬੰਦ ਹੋਇਆ। ਬਾਕੀ 37 ਸ਼ੇਅਰਾਂ ‘ਚ ਤੇਜ਼ੀ ਦੇ ਹਰੇ ਨਿਸ਼ਾਨ ਨਾਲ ਟ੍ਰੇਡਿੰਗ ਖ਼ਤਮ ਹੋਈ।