ਪਟਨਾ: ਪਟਨਾ ਦੀ ਐਸਐਸਪੀ ਗਰਿਮਾ ਮਲਿਕ ਵੱਲੋਂ ਜਾਰੀ ਚਿੱਠੀ ਤੋਂ ਮੋਕਾਮਾ ਦੇ ਵਿਧਾਇਕ ਅਨੰਤ ਸਿੰਘ ਬਾਰੇ ਵੱਡਾ ਖ਼ੁਲਾਸਾ ਹੋਇਆ ਹੈ। ਇਸ ਤੋਂ ਪਤਾ ਲੱਗਾ ਹੈ ਕਿ ਦਿੱਲੀ ਦੀ ਸਾਕੇਤ ਅਦਾਲਤ ਵਿੱਚ ਆਤਮ ਸਮਰਪਣ ਕਰਨ ਵਾਲੇ ਵਿਧਾਇਕ ਅਨੰਤ ਸਿੰਘ ਨੂੰ ਜਦੋਂ ਬਿਹਾਰ ਪੁਲਿਸ ਪਟਨਾ ਲੈ ਕੇ ਪਹੁੰਚੀ ਤਾਂ ਇਸ ਦੌਰਾਨ ਉੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਲਈ ਹਜ਼ਾਰਾਂ ਜਵਾਨ ਤਾਇਨਾਤ ਕੀਤੇ ਗਏ ਸਨ। ਐਸਐਸਪੀ ਗਰਿਮਾ ਮਲਿਕ ਦੀ ਚਿੱਠੀ ਮੁਤਾਬਕ ਇੱਕ ਹਜ਼ਾਰ ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਸੀ। ਅਨੰਤ ਸਿੰਘ ਦੇ ਸਮਰਥਕਾਂ ਵੱਲੋਂ ਕਿਸੇ ਗੜਬੜੀ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸੀ।


ਅਨੰਤ ਸਿੰਘ ਦੀ ਸੁਰੱਖਿਆ ਵਿੱਚ 5 ਐਸਪੀ, 4 ਡੀਐਸਪੀ, 5 ਡਿਪਟੀ ਸੁਪਰਡੈਂਟ ਆਫ਼ ਪੁਲਿਸ, 29 ਪੁਲਿਸ ਇੰਸਪੈਕਟਰ, 50 ਸਬ ਇੰਸਪੈਕਟਰ, 100 ਕਵਿਕ ਮੋਬਾਈਲ ਸਕੁਐਡ, 200 ਰੈਫ ਜਵਾਨ, ਲਗਪਗ 1000 ਹਥਿਆਰਬੰਦ ਪੁਲਿਸ ਮੁਲਾਜ਼ਮ, ਇੱਕ ਕੰਪਨੀ ਦੰਗਾ ਵਿਰੋਧੀ ਦਸਤਾ ਤੇ ਲਗਪਗ 100 ਤੋਂ ਵੱਧ ਪੁਲਿਸ ਦੀਆਂ ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਸੀ।


ਦਰਅਸਲ, ਅਨੰਤ ਸਿੰਘ ਦੇ ਜੱਦੀ ਘਰ ਤੋਂ ਏਕੇ47 ਰਫ਼ਲ ਬਰਾਮਦ ਹੋਣ ਤੋਂ ਬਾਅਦ ਬਿਹਾਰ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਪੁਲਿਸ ਉਸ ਦੇ ਟਿਕਾਣਿਆਂ 'ਤੇ ਲਗਾਤਾਰ ਛਾਪੇ ਮਾਰ ਰਹੀ ਸੀ, ਪਰ ਅਨੰਤ ਸਿੰਘ ਬਿਹਾਰ ਤੋਂ ਭੱਜ ਗਿਆ ਤੇ ਫਿਰ ਦਿੱਲੀ ਦੀ ਅਦਾਲਤ ਵਿੱਚ ਉਸ ਨੇ ਆਤਮ ਸਮਰਪਣ ਕਰ ਦਿੱਤਾ ਸੀ।


ਦੱਸ ਦੇਈਏ ਮੋਕਾਮਾ ਦੇ ਬਾਹੂਬਲੀ ਵਿਧਾਇਕ ਅਨੰਤ ਸਿੰਘ ਦੇ ਜੱਦੀ ਪਿੰਡ ਲਦਮਾ ਤੋਂ ਛਾਪੇਮਾਰੀ ਦੌਰਾਨ ਪੁਲਿਸ ਨੇ ਨਾਜਾਇਜ਼ ਹਥਿਆਰ ਏਕੇ 47, 26 ਜ਼ਿੰਦਾ ਕਾਰਤੂਸ ਤੇ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਸੀ। ਉਸ ਦੌਰਾਨ ਪੁਲਿਸ ਨੇ ਅਨੰਤ ਸਿੰਘ 'ਤੇ ਨਾਜਾਇਜ਼ ਹਥਿਆਰਾਂ ਤੇ ਮਾਰੂ ਵਿਸਫੋਟਕ ਰੱਖਣ ਦੇ ਲਈ ਯੂਏਪੀਏ ਐਕਟ ਤਹਿਤ ਐਫਆਈਆਰ ਦਰਜ ਕੀਤੀ ਸੀ।