India Weather Update: ਮੌਸਮ ਵਿਭਾਗ ਨੇ ਐਤਵਾਰ ਤੋਂ ਭਲਕੇ ਨਵੇਂ ਸਾਲ ਤੱਕ ਦਿੱਲੀ ਐਨਸੀਆਰ ਦੇ ਨਾਲ-ਨਾਲ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਨਵੇਂ ਸਾਲ ਦੀ ਸ਼ਾਮ ਭਾਵ 31 ਦਸੰਬਰ ਦੀ ਸ਼ਾਮ ਤੋਂ ਲੈ ਕੇ 1 ਜਨਵਰੀ ਨੂੰ ਨਵੇਂ ਸਾਲ ਦੀ ਸ਼ੁਰੂਆਤ ਤੱਕ, ਰਾਜਧਾਨੀ ਦਿੱਲੀ ਐਨਸੀਆਰ ਸਮੇਤ ਕਈ ਰਾਜ ਸੰਘਣੀ ਧੁੰਦ ਦੀ ਚਾਦਰ ਵਿੱਚ ਲਪੇਟੇ ਰਹਿਣਗੇ।


ਮੌਸਮ ਵਿਭਾਗ ਨੇ ਐਤਵਾਰ (31 ਦਸੰਬਰ) ਦੀ ਸਵੇਰ ਨੂੰ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਮੁਤਾਬਕ ਨਵੇਂ ਸਾਲ ਦੇ ਮੌਕੇ 'ਤੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਸੰਘਣੀ ਧੁੰਦ ਪੈਣ ਕਾਰਨ ਆਵਾਜਾਈ 'ਤੇ ਕਾਫੀ ਮਾੜਾ ਅਸਰ ਪੈਣ ਵਾਲਾ ਹੈ। ਸੜਕੀ ਆਵਾਜਾਈ ਦੇ ਨਾਲ-ਨਾਲ ਰੇਲ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ।


ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਜਾਵੇਗੀ


ਮੌਸਮ ਵਿਭਾਗ ਅਨੁਸਾਰ 31 ਦਸੰਬਰ ਦੀ ਸ਼ਾਮ ਤੋਂ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ ਅਤੇ ਇਹ 1 ਜਨਵਰੀ ਦੀ ਸਵੇਰ ਤੱਕ ਜਾਰੀ ਰਹੇਗੀ। ਇਸ ਕਾਰਨ ਵਿਜ਼ੀਬਿਲਟੀ ਘੱਟ ਜਾਵੇਗੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਵੇਗੀ।


ਪਿਛਲੇ ਕੁਝ ਦਿਨਾਂ ਤੋਂ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਰਾਜਾਂ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਇਸ ਤੋਂ ਇਲਾਵਾ ਤਾਪਮਾਨ 'ਚ ਵੀ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


ਦਿੱਲੀ 'ਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ


ਮੌਸਮ ਵਿਭਾਗ ਮੁਤਾਬਕ ਪੂਰੇ ਉੱਤਰ ਭਾਰਤ 'ਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਕਈ ਥਾਵਾਂ 'ਤੇ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਇੱਕ ਪਾਸੇ ਦਿੱਲੀ ਪ੍ਰਦੂਸ਼ਣ ਕਾਰਨ ਮੁਸੀਬਤ ਵਿੱਚ ਹੈ ਅਤੇ ਦੂਜੇ ਪਾਸੇ ਕੜਾਕੇ ਦੀ ਠੰਢ ਅਤੇ ਧੁੰਦ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ।



ਇੱਕ ਹਫ਼ਤੇ ਤੱਕ ਕੜਾਕੇ ਦੀ ਰਹੇਗੀ ਠੰਢ 


ਮੌਸਮ ਵਿਭਾਗ ਮੁਤਾਬਕ ਅਗਲੇ 7 ਦਿਨਾਂ ਤੱਕ ਦਿੱਲੀ ਦਾ ਘੱਟੋ-ਘੱਟ ਤਾਪਮਾਨ 7 ਤੋਂ 11 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 18 ਤੋਂ 20 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਰਾਜਧਾਨੀ ਵਿੱਚ ਪੂਰਾ ਹਫ਼ਤਾ ਧੁੰਦ ਛਾਈ ਰਹੇਗੀ। ਇਸ ਕਾਰਨ ਇੱਥੇ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ।


ਕਿਵੇਂ ਰਹੇਗਾ ਦੇਸ਼ ਭਰ ਦਾ ਮੌਸਮ?


ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਤਾਮਿਲਨਾਡੂ 'ਚ ਕੁਝ ਥਾਵਾਂ 'ਤੇ ਅਤੇ ਦੱਖਣੀ ਕੇਰਲ ਅਤੇ ਉੱਤਰ-ਪੂਰਬੀ ਭਾਰਤ 'ਚ ਇਕ-ਦੋ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰੀ ਰਾਜਸਥਾਨ ਅਤੇ ਬਿਹਾਰ ਦੇ ਕਈ ਹਿੱਸਿਆਂ ਵਿੱਚ ਬਹੁਤ ਸੰਘਣੀ ਧੁੰਦ ਛਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪੱਛਮੀ ਹਿਮਾਲਿਆ, ਝਾਰਖੰਡ ਦੇ ਕੁਝ ਹਿੱਸਿਆਂ, ਉੜੀਸਾ ਅਤੇ ਉੱਤਰ-ਪੂਰਬੀ ਭਾਰਤ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਯਾਨੀ ਜਿੱਥੇ ਉੱਤਰੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਕੜਾਕੇ ਦੀ ਠੰਢ ਹੋਵੇਗੀ, ਉੱਥੇ ਹੀ ਦੱਖਣੀ ਭਾਰਤ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ।