ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਹੋ ਸਕਦੀਆਂ ਹਨ। ਦਰਅਸਲ ਐਚਐਸ ਫੂਲਕਾ ਨੂੰ ਇਸ ਸਬੰਧੀ ਚਿੱਠੀ ਮਿਲੀ ਹੈ ਜਿਸ ਦੇ ਮੱਦੇਨਜ਼ਰ ਉਨ੍ਹਾਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਆਏ ਜਵਾਬ ਤੋਂ ਲੱਗਦਾ ਹੈ ਕਿ ਛੇ ਮਹੀਨਿਆਂ ਅੰਦਰ ਹੀ ਚੋਣਾਂ ਹੋ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਪੰਜਾਬ ਸਰਕਾਰ ਇਸ ਬਾਰੇ ਕੋਈ ਕਾਰਵਾਈ ਨਹੀਂ ਕਰ ਰਹੀ। ਸ਼੍ਰੋਮਣੀ ਕਮੇਟੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇ ਐਸਜੀਪੀਸੀ ’ਤੇ ਗੱਲ ਛੱਡੀ ਜਾਏ ਤਾਂ ਚੋਣਾਂ ਕਦੀ ਨਹੀਂ ਹੋਣਗੀਆਂ।

ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਸਬੰਧੀ ਚੀਫ਼ ਜਸਟਿਸ ਨਾਲ ਗੱਲਬਾਤ ਕਰੇ। ਉਨ੍ਹਾਂ ਸਪਸ਼ਟ ਕੀਤਾ ਕਿ ਜੇ ਪੰਜਾਬ ਸਰਕਾਰ ਨੇ ਕੋਈ ਗੱਲ ਨਾ ਤੋਰੀ ਤਾਂ ਉਹ ਵਿਰੋਧੀ ਧਿਰ ਨੂੰ ਪ੍ਰਤੀਨਿਧੀ ਮੰਡਲ ਸਮੇਤ ਚੀਫ਼ ਜਸਟਿਸ ਨਾਲ ਗੱਲ ਕਰਨ ਲਈ ਕਹਿਣਗੇ।