ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਨਲਾਈਨ ਵਿਕਰੀ ਵਾਲੀਆਂ ਵੈੱਬਸਾਈਟਾਂ ਅਮੇਜ਼ਾਨ ਤੇ ਫਲਿੱਪਕਾਰਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਬਣਾ ਕੇ ਵੇਚਣ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਅਮੇਜ਼ਾਨ ਤੇ ਫਲਿੱਪਕਾਰਟ ਵੱਲੋਂ ਸਿੱਖੀ ਸਿਧਾਂਤਾਂ ਤੇ ਰਵਾਇਤਾਂ ਦੇ ਵਿਰੁੱਧ ਗੁਰੂ ਸਾਹਿਬ ਦੀਆਂ ਮੂਰਤੀਆਂ ਦੀ ਵਿਕਰੀ ’ਤੇ ਕਾਰਵਾਈ ਕਰਦਿਆਂ ਦੋਵਾਂ ਕੰਪਨੀਆਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤੇ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਕੰਪਨੀਆਂ ਵੱਲੋਂ ਜਾਣ ਬੁਝ ਕੇ ਕੀਤੀ ਗਈ ਹਰਕਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਰਵਾਇਤਾਂ ਤੇ ਵਿਲੱਖਣ ਸਿਧਾਂਤਾਂ ਨੂੰ ਰਲਗਡ ਕਰਨ ਵਾਲੀਆਂ ਇਨ੍ਹਾਂ ਕੰਪਨੀਆਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਇਸ ਤੋਂ ਪਹਿਲਾਂ ਵੀ ਅਮੇਜ਼ਾਨ ਕੰਪਨੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੀ ਬੇਅਦਬੀ ਕੀਤੀ ਸੀ, ਉਸ ਵੇਲੇ ਵੀ SGPC ਨੇ ਸਖ਼ਤ ਨੋਟਿਸ ਲਿਆ ਸੀ ਤੇ ਕੰਪਨੀ ਨੇ ਮੁਆਫ਼ੀ ਮੰਗ ਲਈ ਸੀ।
ਹੁਣ ਫਿਰ ਇਸ ਕੰਪਨੀ ਨੇ ਮੂਰਤੀ ਪੂਜਾ ਦੇ ਰੁਝਾਨ ਨੂੰ ਗੁਰੂ ਸਾਹਿਬ ਦੀਆਂ ਮੂਰਤੀਆਂ ਨਾਲ ਜੋੜਿਆ ਹੈ। ਲੌਂਗੋਵਾਲ ਨੇ ਕਿਹਾ ਕਿ ਸਿੱਖ ਕੇਵਲ ਇੱਕ ਅਕਾਲ ਪੁਰਖ ਤੇ ਗੁਰੂ ਸਾਹਿਬਾਨ ਦੇ ਉਪਦੇਸ਼, ਗੁਰਬਾਣੀ ਨੂੰ ਹੀ ਮੰਨਦੇ ਹਨ ਤੇ ਸਿੱਖੀ ਅੰਦਰ ਮੂਰਤੀ ਪੂਜਾ ਦੀ ਕੋਈ ਥਾਂ ਨਹੀਂ। ਇਸ ਲਈ ਗੁਰੂਆਂ ਦੀਆਂ ਮੂਰਤੀਆਂ ਵੇਚ ਕੇ ਸਿੱਖ ਸਿਧਾਂਤਾਂ ਦੀ ਵਿਲੱਖਣਤਾ ਨੂੰ ਸੱਟ ਮਾਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਕੰਪਨੀਆਂ ਨੂੰ ਕਾਨੂੰਨੀ ਨੋਟਿਸ ਭੇਜੇ ਗਏ ਹਨ ਤੇ ਜੇ ਇਨ੍ਹਾਂ ਨੇ ਤੁਰੰਤ ਵੈੱਬਸਾਈਟ ਤੋਂ ਗੁਰੂ ਸਾਹਿਬ ਦੀਆਂ ਮੂਰਤੀਆਂ ਨਾ ਹਟਾਈਆਂ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਖਿਲਾਫ਼ ਸਿਵਲ ਤੇ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ। ਲੌਂਗੋਵਾਲ ਨੇ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਸਿੱਖ ਵਿਰੋਧੀ ਚਾਲਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ ਤੇ ਆਨਲਾਈਨ ਵਿਕਰੀ ’ਤੇ ਲਾਈਆਂ ਗਈਆਂ ਮੂਰਤੀਆਂ ਨਾ ਖ਼ਰੀਦੀਆਂ ਜਾਣ।
ਸ਼੍ਰੋਮਣੀ ਕਮੇਟੀ ਵੱਲੋਂ ਅਮੇਜ਼ੋਨ ਤੇ ਫਲਿੱਪਕਾਰਟ ਨੂੰ ਕਾਨੂੰਨੀ ਨੋਟਿਸ
ਏਬੀਪੀ ਸਾਂਝਾ
Updated at:
11 Jun 2019 06:59 PM (IST)
ਸ਼੍ਰੋਮਣੀ ਕਮੇਟੀ ਨੇ ਅਮੇਜ਼ਾਨ ਤੇ ਫਲਿੱਪਕਾਰਟ ਵੱਲੋਂ ਸਿੱਖੀ ਸਿਧਾਂਤਾਂ ਤੇ ਰਵਾਇਤਾਂ ਦੇ ਵਿਰੁੱਧ ਗੁਰੂ ਸਾਹਿਬ ਦੀਆਂ ਮੂਰਤੀਆਂ ਦੀ ਵਿਕਰੀ ’ਤੇ ਕਾਰਵਾਈ ਕਰਦਿਆਂ ਦੋਵਾਂ ਕੰਪਨੀਆਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤੇ ਹਨ।
- - - - - - - - - Advertisement - - - - - - - - -