ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਜਾਰੀ ਹਿੰਸਾ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਘਟਨਾਵਾਂ ਨੂੰ ਵੇਖਦਿਆਂ ਆਈਏਐਸ ਅਫ਼ਸਰ ਸ਼ਾਹ ਫੈਜ਼ਲ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਸ਼ਮੀਰ ਤੇ ਦੇਸ਼ ਦੇ ਹਾਲਾਤ ਦਾ ਹਵਾਲਾ ਦਿੰਦਿਆਂ ਸ਼ਾਹ ਫੈਜ਼ਲ ਨੇ ਕੇਂਦਰ ਸਰਕਾਰ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਯਾਦ ਰਹੇ ਸ਼ਾਹ ਫੈਜ਼ਲ 2009 ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ ਇਮਤਿਹਾਨ ਦੇ ਟਾਪਰ ਰਹੇ ਹਨ।

ਸ਼ਾਹ ਫੈਜ਼ਲ ਦੇ ਅਸਤੀਫ਼ ਦੇਣ ਪਿੱਛੇ ਕਸ਼ਮੀਰ ਵਿੱਚ ਵਾਪਰ ਰਹੀਆਂ ਘਟਨਾਵਾਂ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਲਗਾਤਾਰ ਹੋ ਰਹੇ ਕਤਲ ਦੇ ਮਾਮਲਿਆਂ ਤੇ ਇਨ੍ਹਾਂ ’ਤੇ ਕੇਂਦਰ ਸਰਕਾਰ ਵੱਲੋਂ ਕੋਈ ਗੰਭੀਰ ਯਤਨ ਨਾ ਹੋਣ ਦੀ ਵਜ੍ਹਾ ਕਰਕੇ ਉਹ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਦੇ ਅਸਤੀਫ਼ੇ ਬਾਅਦ ਨੈਸ਼ਨਲ ਕਾਨਫਰੰਸ ਦੇ ਲੀਡਰ ਉਮਰ ਅਬਦੁੱਲਾ ਨੇ ਸਿਆਸਤ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਹੈ।

ਨੈਸ਼ਨਲ ਕਾਨਫਰੰਸ ਦੇ ਲੀਡਰ ਉਮਰ ਅਬਦੁੱਲਾ ਨੇ ਫੈਜ਼ਲ ਦਾ ਸਿਆਸਤ ਵਿੱਚ ਸਵਾਗਤ ਕਰਦਿਆਂ ਹੋਇਆਂ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਨੌਕਰਸ਼ਾਹੀ ਦਾ ਨੁਕਸਾਨ ਸਿਆਸਤ ਦਾ ਫਾਇਦਾ ਬਣ ਸਕਦਾ ਹੈ। ਉਨ੍ਹਾਂ ਦੇ ਇਸ ਟਵੀਟ ਬਾਅਦ ਕਿਹਾ ਜਾ ਰਿਹਾ ਹੈ ਕਿ ਫੈਜ਼ਲ ਜਲਦ ਹੀ ਸਿਆਸਤ ਵਿੱਚ ਕਦਮ ਰੱਖ ਸਕਦੇ ਹਨ।

IAS ਪ੍ਰੀਖਿਆ ਟੌਪ ਕਰਨ ਵਾਲੇ ਉਹ ਪਹਿਲੇ ਕਸ਼ਮੀਰੀ ਹਨ। ਉਨ੍ਹਾਂ ਦੇ ਅਸਤੀਫ਼ੇ ਬਾਅਦ ਉਮੀਦ ਹੈ ਕਿ ਉਹ ਸਿਆਸਤ ਨਾਲ ਜੁੜ ਸਕਦੇ ਹਨ। ਸ਼ਾਹ ਫੈਜ਼ਲ ਸਿਵਲ ਇਮਤਿਹਾਨ ਵਿੱਚ 2009 ’ਚ ਦੇਸ਼ ਭਰ ਵਿੱਚੋਂ ਅੱਵਲ ਰਹਿਣ ਵਾਲੇ ਪਹਿਲੇ ਕਸ਼ਮੀਰੀ ਹੋਣ ਦੀ ਵਜ੍ਹਾ ਕਰਕੇ ਚਰਚਾਵਾਂ ਵਿੱਚ ਆਏ ਸੀ।