ਚੰਡੀਗੜ੍ਹ: ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਅਚਾਨਕ ਅਸਤੀਫ਼ੇ ਨੇ ਨਾ ਸਿਰਫ਼ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ, ਸਗੋਂ ਭਾਰਤੀ ਸ਼ੇਅਰ ਬਾਜ਼ਾਰ ਤੇ ਮੁਦਰਾ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਉਰਜਿਤ ਪਟੇਲ ਵੱਲੋਂ ਅਸਤੀਫ਼ੇ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ।
ਹਫ਼ਤੇ ਦੇ ਪਹਿਲੇ ਦਿਨ ਜਦ ਬਾਜ਼ਾਰ ਬੰਦ ਹੋਇਆ ਸੀ ਤਾਂ ਸੈਂਸੇਕਸ 713.53 ਅੰਕ ਡਿੱਗ ਕੇ 34959.72 'ਤੇ ਬੰਦ ਹੋਇਆ ਸੀ ਤੇ ਨਿਫ਼ਟੀ ਵੀ 205.20 ਅੰਕ ਹੇਠਾਂ ਆਇਆ ਸੀ। ਮੰਗਲਵਾਰ ਨੂੰ ਵੀ ਸ਼ੇਅਰ ਬਾਜ਼ਾਰ ਨਹੀਂ ਸੰਭਲਿਆ। ਪਟੇਲ ਦੇ ਅਸਤੀਫ਼ੇ ਦੇ ਨਾਲ ਹੋਰ ਕਾਰਨ ਜੁੜ ਗਿਆ। ਦੇਸ਼ ਦੇ ਪੰਜ ਸੂਬਿਆਂ ਵਿੱਚ ਬੀਤੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਲੱਗੇ ਅਤੇ ਸੈਂਸੇਕਸ 300 ਅੰਕ ਤੇ ਨਿਫ਼ਟੀ ਤਕਰੀਬਨ 90 ਅੰਕ ਹੇਠਾਂ ਚਲਾ ਗਿਆ।
ਪਟੇਲ ਦੇ ਅਸਤੀਫ਼ੇ ਦਾ ਅਸਰ ਭਾਰਤੀ ਮੁਦਰਾ ਉੱਪਰ ਵੀ ਪਿਆ ਹੈ। ਪਿਛਲੇ ਚਾਰ ਹਫ਼ਤਿਆਂ ਦੌਰਾਨ ਸਭ ਤੋਂ ਵੱਡੀ ਗਿਰਾਵਟ ਦਿਖਾਉਂਦਿਆਂ ਰੁਪਿਆ 111 ਪੈਸੇ ਤਕ ਡਿੱਗ ਗਿਆ ਹੈ। ਬਲੂਮਬਰਗ ਮੁਤਾਬਕ ਮੰਗਲਵਾਰ ਨੂੰ ਅਮਰੀਕੀ ਡਾਲਰ ਬਦਲੇ 72.4438 ਭਾਰਤੀ ਰੁਪਿਆ ਤਕ ਪਹੁੰਚ ਗਿਆ।
ਜ਼ਿਕਰਯੋਗ ਹੈ ਕਿ ਉਰਜਿਤ ਪਟੇਲ ਨੇ ਆਪਣੇ ਕਾਰਜਕਾਲ ਤੋਂ 10 ਮਹੀਨੇ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ 'ਤੇ ਸਾਬਕਾ ਗਵਰਨਰ ਰਘੂਰਾਮ ਰਾਜਨ ਤੇ ਕਈ ਹੋਰ ਵੱਡੀਆਂ ਹਸਤੀਆਂ ਨੇ ਸਵਾਲ ਚੁੱਕੇ ਜਦਕਿ ਪ੍ਰਧਾਨ ਮੰਤਰੀ ਸਮੇਤ ਹੋਰ ਵੱਡੀਆਂ ਹਸਤੀਆਂ ਨੇ ਪਟੇਲ ਨੂੰ ਸ਼ੁਭ ਇੱਛਾਵਾਂ ਭੇਟ ਕੀਤੀਆਂ।