ਸ਼ਿਲਾਂਗ: ਸ਼ਿਲਾਂਗ ਵਿੱਚ ਇੱਕ ਵਾਰ ਫਿਰ ਹਿੰਸਾ ਭੜਕ ਗਈ ਜਿਸ ਪਿੱਛੋਂ ਸੈਨਾ ਨੇ ਇੱਕ ਵਾਰ ਫਿਰ ਫਲੈਗ ਮਾਰਚ ਕੀਤਾ। ਕਈ ਇਲਾਕਿਆਂ ਵਿੱਚ ਕਰਫਿਊ ਵੀ ਲਾ ਦਿੱਤਾ ਗਿਆ ਹੈ। ਕੱਲ੍ਹ ਦੇਰ ਰਾਤ ਸੀਆਰਪੀਐਫ ਦੇ ਜਵਾਨਾਂ ’ਤੇ ਲੋਕਾਂ ਨੇ ਪੱਥਰਬਾਜ਼ੀ ਕੀਤੀ ਜਿਸ ਵਿੱਚ ਸੀਆਰਪੀਐਫ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਇਸ ਪਿੱਛੋਂ ਇਲਾਕੇ ਵਿੱਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਭੀੜ ਨੂੰ ਸ਼ਾਂਤ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣ ਪਏ। ਲਗਾਤਾਰ ਪੰਜਵੇਂ ਦਿਨ ਵੀ ਸਿੱਖਾਂ ਤੇ ਖਾਸੀ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਸੀਆਰਪੀਐਫ ਦੀਆਂ 15 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਰ ਕੰਪਨੀ ਵਿੱਚ 100 ਜਵਾਨ ਹਨ।

 

ਮੁੱਖ ਮੰਤਰਰੀ ਸੰਗਮਾ ਵੱਲੋਂ ਕਮੇਟੀ ਬਣਾਉਣ ਦਾ ਐਲਾਨ


 

ਮੁੱਖ ਮੰਤਰੀ ਕੋਨਰਾਡ ਐਸ ਸੰਗਮਾ ਨੇ ਹਿੰਸਾ ਨਾਲ ਨਜਿੱਠਣ ਲਈ ਸਰਬ ਪਾਰਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਤੇ ਇਸ ਸਬੰਧੀ ਇੱਕ ਕਮੇਟੀ ਗਠਨ ਕਰਨ ਦਾ ਐਲਾਨ ਕੀਤਾ ਹੈ। ਇਕ ਕਮੇਟੀ ਸਮੱਸਿਆ ਦਾ ਹੱਲ ਕੱਢੇਗੀ।


ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ  ਵਾਲੀ ਪੰਜਾਬ ਦੀ ਟੀਮ ਨੂੰ ਸ਼ਿਲਾਂਗ ’ਚ ਕਿਸੇ ਗੁਰਦੁਆਰੇ ਦੇ ਨੁਕਸਾਨੇ ਜਾਣ ਦਾ ਨਾ ਮਿਲਿਆ ਸਬੂਤ


 

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੂਬਾ ਸਰਕਾਰ ਦਾ ਇਕ ਵਫ਼ਦ ਬੀਤੇ ਦਿਨ ਸ਼ਿਲਾਂਗ ਪਹੁੰਚਿਆ ਤੇ ਤਮਾਮ ਅਫ਼ਵਾਹਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼ਿਲਾਂਗ ਵਿੱਚ ਕਿਸੇ ਵੀ ਗੁਰਦੁਆਰੇ ਨੂੰ ਨੁਕਸਾਨੇ ਜਾਣ ਜਾਂ ਕਿਸੇ ਵੀ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਸਥਿਤੀ ਤਣਾਅਪੂਰਣ ਪਰ ਕਾਬੂ ਹੇਠ ਹੈ।

ਮੇਘਾਲਿਆ ਸਰਕਾਰ ਦੁਆਰਾ ਸਥਿਤੀ ਨਾਲ ਨਜਿੱਠਣ ਦੇ ਢੰਗ ਉੱਤੇ ਤਸੱਲੀ ਪ੍ਰਗਟਾਉਂਦਿਆਂ ਵਫ਼ਦ ਨੇ ਕਿਹਾ ਕਿ ਹਾਲਾਂਕਿ ਕਿਸੇ ਵਿਸ਼ੇਸ਼ ਜਾਇਦਾਦ ਦਾ ਕੁਝ ਕੁ ਨੁਕਸਾਨ ਹੋਇਆ ਹੈ ਪਰ ਹਾਲੀਆ ਹਿੰਸਾ ਦੌਰਾਨ ਨਾ ਤਾਂ ਕਿਸੇ ਗੁਰਦੁਆਰੇ ’ਤੇ ਕੋਈ ਹਮਲਾ ਹੋਇਆ ਅਤੇ ਨਾ ਹੀ ਉਸ ਨੂੰ ਕੋਈ ਨੁਕਸਾਨ ਪਹੁੰਚਿਆ ਹੈ।

ਵਫਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ਼ਿਲਾਂਗ ਲਈ ਤੁਰੰਤ ਰਵਾਨਾ ਹੋਇਆ ਸੀ ਜਿੱਥੇ ਜਾ ਕੇ ਵਫ਼ਦ ਨੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਡ ਸੰਗਮਾ ਨਾਲ ਮੀਟਿੰਗ ਕੀਤੀ। ਮੇਘਾਲਿਆ ਦੇ ਮੁੱਖ ਮੰਤਰੀ ਵੱਲੋਂ ਪਹੁੰਚਾਈ ਮਦਦ ਸਦਕਾ ਹੀ ਵਫਦ ਵੱਲੋਂ ਕਰਫਿਊ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ। ਵਫਦ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਸਿੱਖ ਭਾਈਚਾਰੇ ਨੂੰ ਮਿਲਿਆ ਗਿਆ ਅਤੇ ਇਹ ਪਤਾ ਲੱਗਾ ਕਿ ਇੱਥੇ ਪ੍ਰਾਪਰਟੀ ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਸੀ ਜਿਸ ਕਾਰਨ ਹਾਲਾਤ ਵਿਗੜੇ ਜੋ ਪਿਛਲੇ ਹਫਤੇ ਹਿੰਸਾ ਦਾ ਕਾਰਨ ਬਣੇ।

ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦਾ ਵਫਦ ਕਰਫਿਊ ਪ੍ਰਭਾਵਤ ਖੇਤਰ ਵਿੱਚ ਤਿੰਨ ਘੰਟੇ ਰਿਹਾ ਤੇ ਸਿੱਖ ਲੋਕਾਂ ਨੂੰ ਮਿਲ ਕੇ ਇਹ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਇਮਾਰਤ ਨੂੰ ਗੁਰਦੁਆਰਾ ਦੱਸ ਕੇ ਅਫ਼ਵਾਹ ਫੈਲਾਈ ਗਈ, ਉਹ ਅਸਲ ਵਿੱਚ ਨਿਰਮਾਣ ਅਧੀਨ ਸਕੂਲ ਦੀ ਇਮਾਰਤ ਸੀ ਜਿਸ ਨੂੰ ਨੁਕਸਾਨ ਪਹੁੰਚਾਇਆ ਗਿਆ।

ਮੇਘਾਲਿਆ ਦੇ ਮੁੱਖ ਮੰਤਰੀ ਤੋਂ ਇਲਾਵਾ ਵਫ਼ਦ ਉੱਪ ਮੁੱਖ ਮੰਤਰੀ, ਮੁੱਖ ਸਕੱਤਰ ਤੇ ਡੀਜੀਪੀ ਨੂੰ ਵੀ ਮਿਲਿਆ ਤਾਂ ਜੋ ਮਾਮਲੇ ਨੂੰ ਜ਼ਮੀਨੀ ਪੱਧਰ ’ਤੇ ਜਾਂਚ ਪਰਖ ਕੇ  ਰਾਜ ਸਰਕਾਰ ਵੱਲੋਂ ਇਸ ਤਣਾਅ  ਦੇ ਮਾਹੌਲ ’ਤੇ ਕਾਬੂ ਪਾਇਆ ਜਾ ਸਕੇ।

ਮੇਘਾਲਿਆ ਦੇ ਮੁੱਖ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਮਲੇ ਤੋਂ ਜਾਣੂੰ ਕਰਵਾਉਣਗੇ ਅਤੇ ਖੁਦ ਮਾਮਲੇ ਦੀ ਪੜਤਾਲ ਕਰਨਗੇ ਤਾਂ ਜੋ ਸਿੱਖ ਕੌਮ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾ ਸਕੇ।

ਸ਼ਿਲੌਂਗ ਵਿੱਚ ਪਹੁੰਚੇ ਵਫ਼ਦ ਵਿੱਚ ਕੈਬਨਿਟ ਮੰਤਰੀ ਦੇ ਨਾਲ  ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ (ਦੋਵੇਂ ਮੈਂਬਰ ਪਾਰਲੀਮੈਂਟ), ਐਮਐਲਏ ਕੁਲਦੀਪ ਸਿੰਘ ਵੈਦ ਤੇ ਡੀਐਸ ਮਾਂਗਟ (ਆਈ.ਏ.ਐਸ) ਵੀ ਸ਼ਾਮਲ ਸਨ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਪੱਖ


 

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਜਾਣਕਾਰੀ ਦਿੱਤੀ ਕਿ ਸ਼ਿਲੌਂਗ ਅੰਦਰ ਵਾਪਰੀ ਘਟਨਾ ਦਾ ਤਤਕਾਲੀਨ ਕਾਰਨ ਕਿ ਸਿੱਖ ਲੜਕੀਆਂ ਜੋ ਸਕੀਆਂ ਭੈਣਾਂ ਸਨ ਜੋ ਮੇਨ ਸੜਕ ਦੀ ਟੂਟੀ ਤੋਂ ਪਾਣੀ ਭਰ ਰਹੀਆਂ ਸਨ ਤਾਂ ਸਰਕਾਰੀ ਬੱਸ ਦੇ ਡਰਾਈਵਰ ਨੇ ਇਨ੍ਹਾਂ ਦੇ ਬਿਲਕੁਲ ਨਾਲ ਖਹਿ ਕੇ ਬੱਸ ਲੰਘਾਈ। ਜਦੋਂ ਇਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਕੰਡਕਟਰ ਨੇ ਇਨ੍ਹਾ ’ਤੇ ਭੱਦੀਆਂ ਤੇ ਅਸ਼ਲੀਲ ਟਿੱਪਣੀਆਂ ਕੀਤੀਆਂ। ਇਨ੍ਹਾਂ ਨੇ ਅੱਗੋਂ ਜਵਾਬ ਦਿੱਤਾ ਤਾਂ ਡਰਾਈਵਰ ਵੀ ਆ ਕੇ ਗਾਲ੍ਹਾਂ ਕੱਢਣ ਲੱਗਾ। ਇੰਨੇ ਨੂੰ ਕੰਡਕਟਰ ਨੇ ਇਕ ਲੜਕੀ ਦੇ ਲੱਤ ਮਾਰੀ। ਲੜਕੀਆਂ ਨੇ ਦੋਵਾਂ ਨਾਲ ਝੜਪ ਕੀਤੀ।

ਇਸ ਪਿੱਛੋਂ ਜਦੋਂ ਡਰਾਈਵਰ ਕੰਡਕਟਰ ਦੀ ਸਪੋਰਟ ’ਤੇ ਕੁਝ ਹੋਰ ਸਵਾਰੀਆਂ ਵਿੱਚੋਂ ਲੜਕੀਆਂ ਨੂੰ ਫੜਨ ਲੱਗੇ ਤਾਂ ਲੜਕੀਆਂ ਦੀ ਦੀਆਂ ਭਰਜਾਈਆਂ ਨੇ ਕੁੜੀਆਂ ਦੇ ਪੱਖ ਵਿੱਚ ਭੀੜ ਦਾ ਟਾਕਰਾ ਕੀਤਾ। ਮਾਮਲਾ ਕੁੱਟਮਾਰ ਤਕ ਪੁੱਜ ਗਿਆ। ਘਟਨਾ ਵਿੱਚ ਕੁਝ ਜ਼ਖ਼ਮੀ ਵੀ ਹੋਏ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਇਹ ਘਟਨਾ ਸਵੇਰੇ ਨੌ ਕੁ ਵਜੇ ਦੀ ਸੀ।

ਬਾਅਦ ਵਿੱਚ ਬਾਰਾਂ ਵਜੇ ਲੜਕੀਆਂ ਦੇ ਪਰਿਵਾਰ ਵਲੋਂ ਜ਼ਖ਼ਮੀਆਂ ਦੇ ਹਸਪਤਾਲ ਦਾ ਖ਼ਰਚਾ ਦਿੱਤਾ ਗਿਆ ਤੇ ਸਮਝੌਤਾ ਹੋ ਗਿਆ। ਪਰ ਸ਼ਾਮ ਨੂੰ ਇਨ੍ਹਾਂ ਲੋਕਾਂ ਨੇ ਇਕੱਠੇ ਹੋ ਕੇ ਸਿੱਖ ਕਲੋਨੀ ’ਤੇ ਹਮਲਾ ਕਰ ਦਿੱਤਾ ਜਿਸ ਪਿੱਛੋਂ ਮਾਮਲਾ ਹੋਰ ਭਖ ਗਿਆ। ਲੜਕੀਆਂ ਸਾਰੇ ਮਾਮਲੇ ਦਾ ਕਾਰਨ ਆਪਣੇ ਸਿਰ ਸਮਝ ਕੇ ਡਰੀਆਂ ਹੋਈਆਂ ਹਨ। ਪੁਲਿਸ ਨੇ ਇਨ੍ਹਾਂ ਵਿੱਚੋਂ ਇੱਕ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ, ਜਿਸ ਨੇ ਇਨ੍ਹਾਂ ਕੋਲੋਂ ਡਰਾਈਵਰ ਕੰਡਕਟਰ ਨੂੰ ਛੁਡਾਇਆ। ਐੱਸਜੀਪੀਸੀ ਵਲੋਂ ਇਸ ਪਰਿਵਾਰ ਦੀ ਆਰਥਿਕ ਮੱਦਦ ਕਰਨ ਲਈ ਆਖ ਦਿੱਤਾ ਗਿਆ।