ਸ਼ਿਮਲਾ: ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੇ ਥਾਣਾ ਢਲੀ ਤਹਿਤ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਖ਼ੁਦ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਲੜਕੀ ਨੇ ਨੌਜਵਾਨ 'ਤੇ ਬਲਾਤਕਾਰ ਦਾ ਇਲਜ਼ਾਮ ਲਾਇਆ ਹੈ। ਲੜਕੀ ਮੁਤਾਬਕ ਪਹਿਲਾਂ ਚੱਲਦੀ ਕਾਰ ਵਿੱਚ ਉਸ ਨਾਲ ਬਲਾਤਕਾਰ ਕੀਤਾ ਗਿਆ। ਬਾਅਦ ਵਿੱਚ ਚੱਲਦੀ ਗੱਡੀ ਵਿੱਚੋਂ ਬਿਨਾ ਕੱਪੜਿਆਂ ਸੜਕ 'ਤੇ ਸੁੱਟ ਦਿੱਤਾ।

ਲੜਕੀ ਹਰਿਆਣਾ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਘਟਨਾ ਸਥਾਨ ਦਾ ਦੌਰਾ ਕੀਤਾ। ਡੀਜੀਪੀ ਐਸ ਆਰ ਮਰਡੀ ਨੇ ਖ਼ੁਦ ਸਬੂਤ ਜੁਟਾਉਣ ਦੀ ਗੱਲ ਕਹੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾ ਦਿੱਤੀਆਂ ਹਨ। ਮਾਮਲੇ ਦੀ ਸੰਜੀਦਗੀ ਵੇਖਦਿਆਂ ਪੁਲਿਸ ਮਾਮਲੇ ਦੀ ਗੁਪਤ ਤਰੀਕੇ ਨਾਲ ਜਾਂਚ ਕਰ ਰਹੀ ਹੈ।

ਮਾਮਲੇ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਮੁਲਜ਼ਮ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਇੱਕ ਹੀ ਲੜਕੇ ਨੇ ਬਲਾਤਕਾਰ ਕੀਤਾ ਜਾਂ ਕੋਈ ਹੋਰ ਵੀ ਇਸ ਘਟਨਾ ਵਿੱਚ ਸ਼ਾਮਲ ਹੈ।