ਮੁੰਬਈ: ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸ਼ਿਵ ਸੈਨਾ ਵੀ ਕੇਂਦਰ ਸਰਕਾਰ ’ਤੇ ਹਮਲਾਵਰ ਹੋ ਗਈ ਹੈ। ਆਪਣੇ ਅਖ਼ਬਾਰ ‘ਸਾਮਨਾ’ ’ਚ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਤੇ ਸੁਪਰੀਮ ਕੋਰਟ ਦੋਵਾਂ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਸੰਪਾਦਕੀ ’ਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਸੁਪਰੀਮ ਕੋਰਟ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਈ ਹੈ। ਸਰਕਾਰ ਅਦਾਲਤ ਨੂੰ ਅੱਗੇ ਕਰ ਕੇ ਅੰਦੋਲਨ ਨੂੰ ਖ਼ਤਮ ਕਰਨ ਦੇ ਯਤਨ ਕਰ ਰਹੀ ਹੈ। ਭਲਕੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਕਿਸਾਨ 9ਵੀਂ ਵਾਰ ਗੱਲਬਾਤ ਲਈ ਆਹਮੋ-ਸਾਹਮਣੇ ਆ ਰਹੇ ਹਨ।


‘ਸਾਮਨਾ’ ’ਚ ਲਿਖਿਆ ਹੈ, ‘ਸੁਪਰੀਮ ਕੋਰਟ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਮੁਲਤਵੀ ਕਰਨ ਦਾ ਹੁਕਮ ਦੇ ਦਿੱਤਾ ਹੈ। ਫਿਰ ਵੀ ਕਿਸਾਨ ਅੰਦੋਲਨ ’ਤੇ ਡਟੇ ਹੋਏ ਹਨ। ਹੁਣ ਸਰਕਾਰ ਵੱਲੋਂ ਕਿਹਾ ਜਾਵੇਗਾ ‘ਵੇਖੋ ਕਿਸਾਨਾਂ ਦੀ ਆਕੜ, ਸੁਪਰੀਮ ਕੋਰਟ ਦੀ ਗੱਲ ਵੀ ਨਹੀਂ ਮੰਨ ਰਹੇ।’ ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕਰੋ। ਫ਼ੈਸਲਾ ਸਰਕਾਰ ਨੇ ਲੈਣਾ ਹੈ।’


ਸ਼ਿਵ ਸੈਨਾ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਹੈ ‘ਇੱਕ ਵਾਰ ਸਿੰਘੂ ਬਾਰਡਰ ਤੋਂ ਕਿਸਾਨ ਜੇ ਆਪਣੇ ਘਰ ਪਰਤ ਗਿਆ, ਤਾਂ ਸਰਕਾਰ ਖੇਤੀ ਕਾਨੂੰਨ ਨੂੰ ਮੁਲਤਵੀ ਕਰਨ ਦਾ ਹੁਕਮ ਹਟਾ ਕੇ ਕਿਸਾਨਾਂ ਦੀ ਨਾਕਾਬੰਦੀ ਕਰੇਗੀ, ਇਸੇ ਲਈ ਜੋ ਕੁਝ ਵੀ ਹੋਵੇਗਾ, ਉਹ ਹੁਣੇ ਹੋ ਜਾਵੇ।’


ਦੱਸ ਦੇਈਏ ਕਿ ਦੇਸ਼ ਦੀ ਸਰਬਉੱਚ ਅਦਾਲਤ ਨੇ ਤਿੰਨੇ ਨਵੇਂ ਕਾਨੂੰਨ ਲਾਗੂ ਕੀਤੇ ਜਾਣ ਉੱਤੇ ਫ਼ਿਲਹਾਲ ਰੋਕ ਲਾ ਦਿੱਤੀ ਹੈ। ਉੱਧਰ ਇਸ ਮਾਮਲੇ ਦੇ ਨਿਬੇੜੇ ਲਈ 4 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਸ਼ਿਵ ਸੈਨਾ ਨੇ ਇਸ ਕਮੇਟੀ ’ਚ ਸ਼ਾਮਲ ਮੈਂਬਰਾਂ ਉੱਤੇ ਵੀ ਸੁਆਲ ਉਠਾਏ ਹਨ। ਉਸ ਨੇ ਕਿਹਾ ਹੈ ਕਿ ਚਾਰੇ ਮੈਂਬਰ ਕੱਲ੍ਹ ਤੱਕ ਕਾਨੂੰਨਾਂ ਦੀ ਜ਼ੋਰਦਾਰ ਹਮਾਇਤ ਕਰ ਰਹੇ ਸਨ।