ਮੁੰਬਈ: ਮਹਾਰਾਸ਼ਟਰ ਦੀ ਸਿਆਸਤ ਵਿੱਚ ਅੱਜ ਜਿਵੇਂ ਭੂਚਾਲ ਹੀ ਆ ਗਿਆ ਜਦੋਂ ਸ਼ਿਵ ਸੈਨਾ ਨੇ ਭਾਜਪਾ ਨਾਲੋਂ ਇੱਕ ਵਾਰ ਫਿਰ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ। ਅੱਜ ਸ਼ਿਵ ਸੈਨਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਐਲਾਨ ਕੀਤਾ ਗਿਆ ਕਿ ਆਉਂਦੀਆਂ ਚੋਣਾਂ ਪਾਰਟੀ ਆਪਣੇ ਬਲਬੂਤੇ 'ਤੇ ਹੀ ਲੜੇਗੀ। ਮਹਾਰਾਸ਼ਟਰ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਹਨ। ਵਿਧਾਨ ਸਭਾ ਵਿੱਚ ਅੱਜ ਦੀ ਸਥਿਤੀ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦੇ ਗੱਠਜੋੜ ਸਰਕਾਰ ਦੀ ਅਗਵਾਈ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕਰ ਰਹੇ ਹਨ। ਮੌਜੂਦਾ ਸਮੇਂ ਵਿੱਚ ਭਾਜਪਾ ਦਾ ਪਲੜਾ ਵਿਧਾਨ ਸਭਾ ਵਿੱਚ ਭਾਰੀ ਹੈ ਪਰ ਸਰਕਾਰ ਬਣਾਉਣ ਲਈ ਕਾਫੀ ਨਹੀਂ। ਵਿਧਾਨ ਸਭਾ ਵਿੱਚ ਕੁੱਲ 268 ਸੀਟਾਂ 'ਚੋਂ 122 ਭਾਜਪਾ, ਸ਼ਿਵ ਸੈਨਾ 63, ਕਾਂਗਰਸ 42 ਤੇ ਐਨ.ਸੀ.ਪੀ. ਕੋਲ 41 ਸੀਟਾਂ ਹਨ। 2014 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸੀਟਾਂ ਦੀ ਵੰਡ ਤੋਂ ਪੈਦਾ ਹੋਏ ਵਿਵਾਦ ਕਾਰਨ ਸ਼ਿਵ ਸੈਨਾ ਤੇ ਭਾਜਪਾ ਦਾ ਗਠਜੋੜ ਟੁੱਟ ਗਿਆ ਸੀ। ਦੋਵਾਂ ਪਾਰਟੀਆਂ ਨੇ ਵੱਖ-ਵੱਖ ਚੋਣ ਲੜੀ ਤੇ ਭਾਜਪਾ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ। ਬਾਅਦ ਵਿੱਚ ਸ਼ਿਵ ਸੈਨਾ ਤੇ ਭਾਜਪਾ ਨੇ ਭਾਈਵਾਲੀ ਕਰ ਕੇ ਸਰਕਾਰ ਬਣਾਈ ਸੀ। ਠਾਕਰੇ ਪਰਿਵਾਰ ਦੀ ਤੀਜੀ ਪੀੜ੍ਹੀ ਵੀ ਸਿਆਸਤ 'ਚ ਕੁੱਦੀ ਅੱਜ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਊਧਵ ਠਾਕਰੇ ਦੇ ਪੁੱਤਰ ਆਦਿੱਤਿਆ ਠਾਕਰੇ 'ਨੇਤਾ ਪਦ' ਲਈ ਚੁਣੇ ਗਏ ਹਨ। ਸ਼ਿਵ ਸੈਨਾ ਵਿੱਚ ਨੇਤਾ ਪਦ ਖਾਸਾ ਅਹਿਮ ਹੈ। ਸ਼ਿਵ ਸੈਨਾ ਪਾਰਟੀ ਦੇ ਮੁਖੀ ਤੇ ਹੋਰ ਅਹੁਦੇਦਾਰਾਂ ਦੇ ਨਾਵਾਂ ਦੇ ਐਲਾਨ ਪਾਰਟੀ ਦੇ ਸੰਸਥਾਪਕ ਬਾਲ ਠਾਕਰੇ ਦੇ ਜਨਮ ਦਿਨ 'ਤੇ ਕਰਦੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਅੱਜ ਟਵੀਟ ਕਰਕੇ ਬਾਲ ਠਾਕਰੇ ਦੇ ਨੂੰ ਯਾਦ ਕੀਤਾ ਹੈ।