ਮੁੰਬਈ: ਸ਼ਿਵ ਸੈਨਾ ਨੇ ਅੱਜ ਇਲਜ਼ਾਮ ਲਾਇਆ ਹੈ ਕਿ ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਲਈ ਲੋਕਾਂ ਤੋਂ ਚੰਦਾ ਇਕੱਠਾ ਕਰਨ ਲਈ ਚਲਾਈ ਜਾਣ ਵਾਲੀ ਸੰਪਰਕ ਮੁਹਿੰਮ ਭਗਵਾਨ ਰਾਮ ਦੇ ਨਾਂ ’ਤੇ 2024 ਦੀਆਂ ਆਮ ਚੋਣਾਂ ਲਈ ਪ੍ਰਚਾਰ ਕਰਨ ਦੇ ਸਮਾਨ ਹੈ। ਉਂਝ ਭਾਜਪਾ ਨੇ ਇਸ ਦੋਸ਼ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਹੈ ਕਿ ਇਹ ਪਾਰਟੀ ਲਈ ਕੋਈ ਸਿਆਸੀ ਮੁੱਦਾ ਨਹੀਂ।

ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ’ਚ ਕਿਹਾ ਹੈ ਕਿ ਇਹ ਕਦੇ ਤੈਅ ਨਹੀਂ ਹੋਇਆ ਸੀ ਕਿ ਵਿਸ਼ਾਲ ਮੰਦਰ ਦਾ ਨਿਰਮਾਣ ਲੋਕਾਂ ਦੇ ਚੰਦੇ ਨਾਲ ਕੀਤਾ ਜਾਵੇਗਾ। ‘ਭਗਵਾਨ ਰਾਮ ਦੇ ਨਾਂ ’ਤੇ ਪ੍ਰਚਾਰ ਮੁਹਿੰਮ ਨੁਕਤੇ ’ਤੇ ਆ ਕੇ ਬੰਦ ਹੋ ਜਾਣੀ ਚਾਹੀਦੀ ਹੈ ਪਰ ਅਜਿਹਾ ਹੁੰਦਾ ਵਿਖਾਈ ਨਹੀਂ ਦੇ ਰਿਹਾ।’

ਸ੍ਰੀ ਰਾਮ ਜਨਮ–ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਪਿਛਲੇ ਹਫ਼ਤੇ ਕਿਹਾ ਸੀ ਕਿ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਜਨ-ਸੰਪਰਕ ਰਾਹੀਂ ਲੋਕਾਂ ਤੋਂ ਘਰੇਲੂ ਪੱਧਰ ਉੱਤੇ ਇਕੱਠੇ ਕੀਤੇ ਧਨ ਤੋਂ ਹੀ ਕੀਤਾ ਜਾਵੇਗਾ ਕਿਉਂਕਿ ਟਰੱਸਟ ਕੋਲ ਵਿਦੇਸ਼ਾਂ ਤੋਂ ਦਾਨ ਦੀ ਰਕਮ ਲੈਣ ਦੀ ਪ੍ਰਵਾਨਗੀ ਨਹੀਂ ਹੈ।

ਮਰਾਠੀ ਅਖ਼ਬਾਰ ‘ਸਾਮਨਾ’ ਨੇ ਕਿਸੇ ਪਾਰਟੀ ਜਾਂ ਸੰਗਠਨ ਦਾ ਨਾਂ ਲਏ ਬਗ਼ੈਰ ਕਿਹਾ,‘ਮੰਦਰ ਦਾ ਨਿਰਮਾਣ ਕਿਸੇ ਸਿਆਸੀ ਪਾਰਟੀ ਦੇ ਸਿਆਸੀ ਹਿਤ ਲਈ ਨਹੀਂ, ਸਗੋਂ ਦੇਸ਼ ਵਿੱਚ ਹਿੰਦੂ ਗੌਰਵ ਦਾ ਝੰਡਾ ਬੁਲੰਦ ਕਰਨ ਲਈ ਕੀਤਾ ਜਾ ਰਿਹਾ ਹੈ।’ ਸ਼ਿਵ ਸੈਨਾ ਆਗੂ ਤੇ MP ਸੰਜੇ ਰਾਉਤ ਨੇ ਕਿਹਾ ਕਿ ‘ਘਰ-ਘਰ ਜਾ ਕੇ ਭਗਵਾਨ ਦੇ ਨਾਂ ਉੱਤੇ ਚੰਦਾ ਮੰਗਣਾ ਰਾਮ ਮੰਦਰ ਤੇ ਹਿੰਦੂਤਵ ਦਾ ਅਪਮਾਨ ਹੈ। ਇਹ ਸਿਆਸੀ ਨਾਟਕ ਬੰਦ ਹੋਣਾ ਚਾਹੀਦਾ ਹੈ।’

ਜਵਾਬ ’ਚ ਭਾਜਪਾ ਵਿਧਾਇਕ ਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਆਸ਼ੀਸ਼ ਸ਼ੇਲਾਰ ਨੇ ਕਿਹਾ ਕਿ ਉਹ ਡਰੇ ਕਿਉਂ ਹੋਏ ਹਨ। ਸੰਜੇ ਰਾਉਤ 2024 ਦੀ ਚੋਣ ਵਿੱਚ ਆਪਣੀ ਹਾਰ ਦੀ ਨੀਂਹ ਕਿਉਂ ਰੱਖ ਰਹੇ ਹਨ?