ਨਵੀਂ ਦਿੱਲੀ: ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ 25ਵਾਂ ਦਿਨ ਹੈ। ਕੇਂਦਰ ਸਰਕਾਰ ਭਾਵੇਂ ਕਿਸਾਨਾਂ ਨੂੰ ਮਨਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਪਰ ਫਿਰ ਵੀ ਕਿਸਾਨ ਯੂਨੀਅਨਾਂ ਆਪਣੀਆਂ ਮੰਗਾਂ ਉੱਤੇ ਡਟੀਆਂ ਹੋਈਆਂ ਹਨ। ਕਿਸਾਨਾਂ ਦੀ ਮੰਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ। ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ ਉੱਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਅੱਜ ਕਿਹਾ ਹੈ ਕਿ ਹਰਿਆਣਾ ’ਚ ਕਿਸੇ ਵੀ ਰਾਜਮਾਰਗ ਉੱਤੇ ਟੋਲ ਵਸੂਲੀ ਨਹੀਂ ਕਰਨ ਦਿੱਤੀ ਜਾਵੇਗੀ।


ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨੇ ਦੱਸਿਆ ਕਿ 25 ਤੋਂ 27 ਦਸੰਬਰ ਤੱਕ ਹਰਿਆਣਾ ’ਚ ਸਾਰੇ ਰਾਜ ਮਾਰਗਾਂ 'ਤੇ ਟੋਲ ਵਸੂਲੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਪ੍ਰੈੱਸ ਕਾਨਫ਼ਰੰਸ ’ਚ ਮੌਜੂਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ 23 ਦਸੰਬਰ ਨੂੰ ‘ਕਿਸਾਨ ਦਿਵਸ’ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਸ ਦਿਨ ਦੁਪਹਿਰ ਨੂੰ ਭੋਜਨ ਨਾ ਪਕਾਉਣ।

ਕਿਸਾਨ ਆਗੂਆਂ ਨੇ ਬੁੱਧਵਾਰ ਨੂੰ ਆਮ ਜਨਤਾ ਨੂੰ ਇੱਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ 26 ਤੇ 27 ਦਸੰਬਰ ਨੂੰ ਐਨਡੀਏ ’ਚ ਸ਼ਾਮਲ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਉਨ੍ਹਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਸਰਕਾਰ ਉੱਤੇ ਦਬਾਅ ਪਾ ਕੇ ਤਿੰਨ ਕਾਨੂੰਨ ਵਾਪਸ ਕਰਵਾਉਣ।

ਇੰਝ ਨਾ ਕਰਨ ’ਤੇ ਉਨ੍ਹਾਂ ਵਿਰੁੱਧ ਵੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਜਾਣਗੇ। ਅਡਾਨੀ ਤੇ ਅੰਬਾਨੀ ਦਾ ਬਾਈਕਾਟ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਇਹ ਵੀ ਕਿਹਾ 27 ਦਸੰਬਰ ਨੂੰ ਜਿੰਨਾ ਚਿਰ ਪ੍ਰਧਾਨ ਮੰਤਰੀ ਆਪਣੇ ‘ਮਨ ਕੀ ਬਾਤ’ ਕਰਨਗੇ, ਓਨਾ ਚਿਰ ਕਿਸਾਨ ਤਾੜੀਆਂ ਤੇ ਥਾਲ਼ੀਆਂ ਵਜਾਉਣਗੇ।