ਚੰਡੀਗੜ੍ਹ: ਬੀਜੇਪੀ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਦਾ ਪੰਜਾਬ ਵਿੱਚ ਕਿਸਾਨਾਂ ਨੇ ਜਬਰਦਸਤ ਵਿਰੋਧ ਕੀਤਾ। ਹੁਣ ਉਹ ਪੰਜਾਬ ਦੀ ਬਜਾਏ ਦਿੱਲੀ ਜਾ ਕੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਸਮਝਾ ਰਹੇ ਹਨ। ਉਨ੍ਹਾਂ ਨੇ ਐਤਵਾਰ ਨੂੰ ਆਪਣੇ ਸੰਸਦੀ ਹਲਕੇ ਉੱਤਰ-ਪੱਛਮੀ ਦਿੱਲੀ ਦੇ ਹਰਿਆਣਾ ਦੀਆਂ ਸਰਹੱਦਾਂ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ।

ਹੰਸ ਦੇ ਸੰਸਦੀ ਹਲਕੇ ਵਿੱਚ ਸੌ ਦੇ ਕਰੀਬ ਪਿੰਡ ਪੈਂਦੇ ਹਨ। ਹੰਸ ਨੇ ਨਰੇਲਾ, ਬਵਾਨਾ ਤੇ ਮੁੰਡਕਾ ਆਦਿ ਸਮੇਤ ਹੋਰਨਾਂ ਪਿੰਡਾਂ ’ਚ ਜਾ ਕੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਲਿਖੇ ਪੱਤਰ ਦੀਆਂ ਕਾਪੀਆਂ ਵੀ ਵੰਡੀਆਂ।

ਪਿੰਡਾਂ ਦੀ ਫੇਰੀ ਦੌਰਾਨ ਲੋਕਾਂ ਨੂੰ ਮੁਖਾਤਬ ਹੁੰਦਿਆਂ ਹੰਸ ਨੇ ਕਿਹਾ, ‘ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਤੋਮਰ ਦੇ ਇਸ ਪੱਤਰ ਨੂੰ ਪੜ੍ਹਨ ਤਾਂ ਕਿ ਉਨ੍ਹਾਂ ਨੂੰ ਇਹ ਸਮਝ ਆ ਜਾਵੇ ਕਿ ਨਵੇਂ ਕਿਸਾਨ ਕਾਨੂੰਨ ਉਨ੍ਹਾਂ ਲਈ ਕਿਵੇਂ ‘ਲਾਹੇਵੰਦ’ ਹਨ ਤੇ ਕਿਵੇਂ ਕੁਝ ਲੋਕ ਮੌਜੂਦਾ ਹਾਲਾਤ ਦਾ ਲਾਹਾ ਲੈਂਦਿਆਂ ਉਨ੍ਹਾਂ ’ਚ ਘਬਰਾਹਟ ਪੈਦਾ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਮੈਨੂੰ ਯਕੀਨ ਹੈ ਕਿ ਕਿਸਾਨ ਜਦੋਂ ਇਨ੍ਹਾਂ ਪਰਚਿਆਂ ਨੂੰ ਪੜ੍ਹਨਗੇ ਤਾਂ ਯਕੀਨੀ ਤੌਰ ’ਤੇ ਸਕਾਰਾਤਮਕ ਮਾਹੌਲ ਬਣੇਗਾ।’