ਨਵੀਂ ਦਿੱਲੀ: ਨੋਟਬੰਦੀ ਤੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਰਿਪੋਰਟ ਤੋਂ ਬਾਅਦ ਮੋਦੀ ਸਰਕਾਰ ਚੁਫੇਰਿਉਂ ਘਿਰ ਗਈ ਹੈ। ਬੀਜੇਪੀ ਦੀ ਭਾਈਵਾਲ ਸ਼ਿਵ ਸੈਨਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਾਰੀਫ ਕਰਦਿਆਂ ਮੋਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਏ ਹਨ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਸਾਮਨਾ 'ਚ ਨੋਟਬੰਦੀ 'ਤੇ 'ਮਤਵਾਲੇ ਬੰਦਰ' ਦੀ ਕਹਾਣੀ ਦੇ ਸਿਰਲੇਖ ਹੇਠ ਲੇਖ ਛਾਪਿਆ ਹੈ।


ਸ਼ਿਵ ਸੈਨਾ ਨੇ ਕਿਹਾ ਨੋਟਬੰਦੀ ਨੇ ਦੇਸ਼ ਨੂੰ ਆਰਥਿਕ ਮੰਦਹਾਲੀ 'ਚ ਧੱਕ ਦਿੱਤਾ ਜਿਸ ਲਈ ਦੇਸ਼ ਨੂੰ ਦਿੱਤੇ ਵਚਨਾਂ ਪ੍ਰਤੀ ਨਿਸ਼ਠਾ ਰੱਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਕਿਹੜਾ ਪਛਚਾਤਾਪ ਕਰਨ ਲੱਗੇ ਹਨ। ਨੋਟਬੰਦੀ ਦਾ ਫੈਸਲਾ ਦੇਸ਼ ਪ੍ਰੇਮ ਨਹੀਂ ਬਲਕਿ ਦੇਸ਼ ਲਈ ਖਤਰਾ ਸੀ। ਸ਼ਿਵ ਸ਼ੈਨਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਨ੍ਹਾਂ ਨੂੰ ਆਸਾਨ ਜਿਹੀ ਅਰਥ ਵਿਵਸਥਾ ਸਮਝ ਨਹੀਂ ਆਈ, ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਨੂੰ ਮੂਰਖ ਠਹਿਰਾਇਆ ਪਰ ਅੱਜ ਸੱਚ ਸਭ ਦੇ ਸਾਹਮਣੇ ਹੈ।


ਸ਼ਿਵ ਸੈਨਾ ਨੇ ਅੱਠ ਨਵੰਬਰ, 2016 ਨੂੰ ਨੋਟਬੰਦੀ ਦੇ ਐਲਾਨ ਦੌਰਾਨ ਕੀਤੇ ਗਏ ਪ੍ਰਧਾਨ ਮੰਤਰੀ ਦੇ ਦਾਅਵਿਆਂ 'ਤੇ ਪ੍ਰਸ਼ਨ ਚਿੰਨ੍ਹ ਲਾਉਂਦਿਆਂ ਕਿਹਾ ਕਿ ਇਹ ਸਾਰੇ ਖੋਖਲੇ ਸਾਬਤ ਹੋਏ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਨੋਟਬੰਦੀ ਦੇਸ਼ ਦੀ ਅਰਥਵਿਵਸਥਾ ਨੂੰ ਢਾਹ ਲਾਉਣ ਦਾ ਫੈਸਲਾ ਸੀ ਜਿਸ 'ਤੇ ਰਿਜ਼ਰਵ ਬੈਂਕ ਨੇ ਵੀ ਮੋਹਰ ਲਾਈ।


ਪਾਰਟੀ ਨੇ ਕਿਹਾ ਕਿ ਦੇਸ਼ ਨੂੰ ਇੰਨਾ ਵੱਡਾ ਨੁਕਾਸਨ ਪਹੁੰਚਾਉਣ ਦੇ ਬਾਵਜੂਦ ਸੱਤਾਧਾਰੀ ਮੋਦੀ ਸਰਕਾਰ ਵਿਕਾਸ ਦਾ ਨਾਅਰਾ ਲਾ ਰਹੀ ਹੈ। ਨੋਟਬੰਦੀ ਨੂੰ ਭ੍ਰਿਸ਼ਟਾਚਾਰੀ ਦੱਸਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਇਸ ਨਾਲ ਦੇਸ਼ ਨੂੰ ਸਵਾ ਦੋ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਰਿਜ਼ਰਵ ਬੈਂਕ ਦੇ ਗਵਰਨਰ ਵੀ ਇਸ ਨੂੰ ਰੋਕ ਨਹੀਂ ਸਕੇ ਇਸ ਲਈ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤ ਜਾਣਾ ਚਾਹੀਦਾ ਹੈ।