ਮੁੰਬਈ: ਸ਼ਿਵ ਸੈਨਾ ਨੇ ਸ਼ਨੀਵਾਰ ਸਵੇਰੇ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ। ਪਾਰਟੀ ਨੇ ਇਸ ਵਾਰ ਚੋਣ ਮਨੋਰਥ ਪੱਤਰ ਦਾ ਨਾਮ ‘ਵਚਨਨਾਮਾ’ ਰੱਖਿਆ ਹੈ। ਇਸ ਵਿੱਚ ਆਕਰਸ਼ਕ ਯੋਜਨਾਵਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਵਿੱਚ ਗਰੀਬਾਂ ਨੂੰ 10 ਰੁਪਏ ਵਿੱਚ ਇੱਕ ਪਲੇਟ ਭੋਜਨ ਮੁਹੱਈਆ ਕਰਵਾਉਣਾ, ਕਿਸਾਨਾਂ ਨੂੰ ਪੂਰਾ ਕਰਜ਼ਾ ਮੁਆਫੀ (ਸਾਤਬਾਰਾ ਕੋਰਾ) ਤੇ ਮਰੀਜ਼ਾਂ ਦੀ ਕੇਵਲ ਇੱਕ ਰੁਪਏ ਵਿੱਚ ਮੁੱਢਲੀ ਸਿਹਤ ਜਾਂਚ ਸਹੂਲਤ ਸ਼ਾਮਲ ਹੈ।
ਮਾਤੋਸ਼੍ਰੀ ਵਿੱਚ ਮੈਨੀਫੈਸਟੋ ਜਾਰੀ ਕਰਦਿਆਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੇ ਇਸ ‘ਵਚਨਨਾਮੇ’ ਵਿੱਚ ਉਹੀ ਚੀਜ਼ਾਂ ਰੱਖੀਆਂ ਹਨ ਜੋ ਪੂਰੀਆਂ ਹੋ ਸਕਦੀਆਂ ਹਨ। ਇਹ ਵਾਅਦੇ ਕਾਫ਼ੀ ਖੋਜ ਤੋਂ ਬਾਅਦ ਕੀਤੇ ਗਏ ਹਨ। ਵੋਟਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਆਪਣੀ ਭੂਮਿਕਾ ਸਪੱਸ਼ਟ ਕਰਨੀ ਚਾਹੀਦੀ ਹੈ। ਸ਼ਿਵ ਸੈਨਾ ਤਾਂ ਚਰਚਾ ਲਈ ਤਿਆਰ ਹੈ।
ਸ਼ਿਵਸੇਨਾ ਦੇ ਵਚਨਨਾਮੇ ਦੀਆਂ ਖ਼ਾਸ ਗੱਲਾਂ-
- ਮਹਿਲਾ ਬਚਤ ਸਮੂਹਾਂ ਦੀ ਸਹਾਇਤਾ ਨਾਲ ਹਰੇਕ ਜ਼ਿਲ੍ਹੇ ਵਿੱਚ ਕੰਟੀਨ ਸਥਾਪਤ ਕੀਤੀ ਜਾਵੇਗੀ।
- ਦਿਹਾਤੀ ਵਿਦਿਆਰਥੀਆਂ ਲਈ ਵਿਸ਼ੇਸ਼ ਬੱਸਾਂ ਲਗਾਈਆਂ ਜਾਣਗੀਆਂ।
- ਤੀਰਥ ਯਾਤਰਾ ਲਈ ਤਾਲਮੇਲ ਕੇਂਦਰ ਸਥਾਪਤ ਕੀਤੇ ਜਾਣਗੇ।
- ਖਾਦ ਦੀਆਂ ਕੀਮਤਾਂ ਪੰਜ ਸਾਲਾਂ ਲਈ ਸਥਿਰ ਰੱਖਣ ਦੇ ਪ੍ਰਬੰਧ ਕੀਤੇ ਜਾਣਗੇ।
- ਕਿਸਾਨਾਂ ਨੂੰ ਸਾਲਾਨਾ 10 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ ਕਿਸਾਨਾਂ ਨੂੰ ਕਰਜ਼ਾ ਮੁਕਤ ਬਣਾਇਆ ਜਾਵੇਗਾ।
- ਬਜ਼ੁਰਗ ਨਾਗਰਿਕਾਂ ਅਤੇ ਔਰਤਾਂ ਲਈ ਵਿਸ਼ੇਸ਼ ਪ੍ਰਬੰਧ।
- ਇੱਕ ਰੁਪਿਆ ਵਿੱਚ ਸਿਹਤ ਜਾਂਚ ਕਰਵਾਉਣ ਦੀ ਯੋਜਨਾ।
- ਘਰੇਲੂ ਵਰਤੋਂ ਵਾਲੀ ਬਿਜਲੀ 'ਤੇ ਰੇਟਾਂ ਵਿੱਚ 30 ਫੀਸਦੀ ਕਮੀ ਆਵੇਗੀ।