ਨਵੀਂ ਦਿੱਲੀ: ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੀਆਂ ਵੱਖੋ-ਵੱਖਰੀਆਂ ਸੀਮਾਵਾਂ ਉੱਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਅੰਦੋਲਨ ਸਿਰਫ਼ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਨਹੀਂ, ਸਗੋਂ ਸਮੁੱਚੇ ਦੇਸ਼ ਦਾ ਅੰਦੋਲਨ ਹੈ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ।


ਰਾਉਤ ਨੇ ਅੱਗੇ ਕਿਹਾ ਕਿ ਸਾਡੇ ਸਿੱਖ ਭਰਾ ਜਦੋਂ ਮੁਗ਼ਲਾਂ ਵਿਰੁੱਧ ਲੜੇ, ਤਾਂ ਜੋਧੇ ਅਖਵਾਏ। ਅੰਗਰੇਜ਼ਾਂ ਨਾਲ ਲੜੇ ਤਾਂ ਦੇਸ਼ ਭਗਤ ਤੇ ਕੋਰੋਨਾ ਸਮੇਂ ਲੰਗਰ ਲਾਏ, ਤਾਂ ਦੇਸ਼ ਪ੍ਰੇਮੀ ਹੋ ਗਏ ਪਰ ਜਦੋਂ ਉਹ ਆਪਣੇ ਹੱਕਾਂ ਲਈ ਲੜੇ, ਤਾਂ ਉਹ ਖ਼ਾਲਿਸਤਾਨੀ ਤੇ ਦੇਸ਼ ਧ੍ਰੋਹੀ ਹੋ ਗਏ।


ਰਾਸ਼ਟਰਪਤੀ ਦੇ ਭਾਸ਼ਣ ਉੱਤੇ ਰਾਜ ਸਭਾ ’ਚ ਪੇਸ਼ ਧੰਨਵਾਦ ਦੇ ਮਤੇ ਉੱਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਇਹ ਕਹਿੰਦਿਆਂ ਵੀ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ ਕਿ ਨਿਖੇਧੀ ਕਰਨ ਵਾਲਿਆਂ ਨੂੰ ਤੁਸੀਂ ਬਦਨਾਮ ਕਰ ਦਿੰਦੇ ਹੋ। ਜਿਵੇਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਦੇਸ਼ ਦੇ ਵੱਕਾਰ ਲਈ ਠੀਕ ਨਹੀਂ।


ਗਣਤੰਤਰ ਦਿਵਸ ਮੌਕੇ ਲਾਲ ਕਿਲੇ ਉੱਤੇ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਸੰਜੇ ਰਾਉਤ ਨੇ ਕਿਹਾ ਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਹਾਲੇ ਤੱਕ ਫ਼ਰਾਰ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲੇ ਦਾ ਅਪਮਾਨ ਕਰਨ ਵਾਲਾ ਦੀਪ ਸਿੱਧੂ ਕੌਣ ਹੈ, ਇਹ ਕਿਉਂ ਨਹੀਂ ਦੱਸਿਆ ਜਾਂਦਾ ਕਿ ਉਸ ਨੂੰ ਕਿਸ ਦੀ ਹਮਾਇਤ ਹਾਸਲ ਹੈ।


ਸੰਜੇ ਰਾਉਤ ਨੇ ਕਿਹਾ ਕਿ ਜਿਵੇਂ ਹੁਣ ਦਿੱਲੀ ਦੀਆਂ ਸੀਮਾਵਾਂ ਉੱਤੇ ਕਿੱਲਾਂ ਵਿਛਾਈਆਂ ਜਾ ਰਹੀਆਂ ਹਨ, ਜੇ ਇਵੇਂ ਹੀ ਚੀਨ ਦੀ ਸਰਹੱਦ ਉੱਤੇ ਕੀਤਾ ਹੁੰਦਾ, ਤਾਂ ਚੀਨ ਭਾਰਤੀ ਖੇਤਰ ਅੰਦਰ ਨਾ ਆਉਂਦਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ