ਨਵੀਂ ਦਿੱਲੀ: ਸੋਸ਼ਲ ਐਕਟੀਵਿਸਟ ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਇੱਕ ਟਵੀਟ ਕੀਤਾ ਸੀ; ਉਸੇ ਟਵੀਟ ਉੱਤੇ ਦਿੱਲੀ ਪੁਲਿਸ ਨੇ ਗ੍ਰੇਟਾ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਸ ਵਿੱਚ ਅਪਰਾਧਕ ਸਾਜ਼ਿਸ਼ ਰਚਣ ਤੇ ਦੇਸ਼ ਵਿੱਚ ਦੁਸ਼ਮਣੀ ਫੈਲਾਉਣ ਦਾ ਦੋਸ਼ ਲਾਇਆ ਗਿਆ ਹੈ।

ਇਸ ਮਗਰੋਂ ਬਹੁਤ ਸਾਰੀਆਂ ਭਾਰਤੀ ਹਸਤੀਆਂ ਨੇ ਗ੍ਰੇਟਾ ਥਨਬਰਗ ਨੂੰ ਸਹੀ ਕਰਾਰ ਦਿੰਦਿਆਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਇਨ੍ਹਾਂ ਵਿੱਚ ਅਦਾਕਾਰ ਪ੍ਰਕਾਸ਼ ਰਾਜ, ਸੋਨੂੰ ਸੂਦ ਤੇ ਕ੍ਰਿਕਟ ਖਿਡਾਰੀ ਇਰਫਾਨ ਪਠਾਨ ਦੇ ਨਾਂ ਸ਼ਾਮਲ ਹਨ।


ਦਰਅਸਲ ਕੇਸ ਦਰਜ ਹੋਣ ਦੇ ਕੁਝ ਹੀ ਦੇਰ ਬਾਅਦ ਗ੍ਰੇਟਾ ਨੇ ਮੁੜ ਟਵੀਟ ਕੀਤਾ ਤੇ ਲਿਖਿਆ, ‘ਮੈਂ ਹੁਣ ਵੀ ਕਿਸਾਨਾਂ ਦੇ ਹੱਕ ਵਿੱਚ ਖੜ੍ਹੀ ਹਾਂ ਤੇ ਨਫ਼ਰਤ, ਧਮਕੀਆਂ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇਸ ਨੂੰ ਬਦਲ ਨਹੀਂ ਸਕਦੇ।’ ਗ੍ਰੇਟਾ ਥਨਬਰਗ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਫ਼ਿਲਮ ਅਦਾਕਾਰ ਪ੍ਰਕਾਸ਼ ਰਾਜ ਨੇ ਟਵੀਟ ਕਰਦਿਆਂ ਕਿਸਾਨਾਂ ਨੂੰ ਆਪਣੀ ਹਮਾਇਤ ਦੀ ਗੱਲ ਦੁਹਰਾਈ ਹੈ।

ਪ੍ਰਕਾਸ਼ ਰਾਜ ਨੇ ਗ੍ਰੇਟਾ ਥਨਬਰਗ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਲਿਖਿਆ ਹੈ-ਮੈਂ ਵੀ ਕਿਸਾਨਾਂ ਨੂੰ ਆਪਣੀ ਹਮਾਇਤ ਦੇਣਾ ਜਾਰੀ ਰੱਖਾਂਗਾ। ਇਹ ਟਵੀਟ ਖ਼ੂਬ ਪੜ੍ਹਿਆ ਜਾ ਰਿਹਾ ਹੈ ਤੇ ਉਸ ਉੱਤੇ ਪ੍ਰਤੀਕਰਮ ਵੀ ਆ ਰਹੇ ਹਨ।

ਇਸੇ ਤਰ੍ਹਾਂ ‘ਗ਼ਰੀਬਾਂ ਦੇ ਮਸੀਹਾ’ ਕਹੇ ਜਾਣ ਵਾਲੇ ਫ਼ਿਲਮ ਅਦਾਕਾਰ ਸੋਨੂੰ ਸੂਦ ਨੇ ਵੀ ਕਿਸਾਨ ਅੰਦੋਲਨ ਬਾਰੇ ਟਵੀਟ ਕੀਤਾ ਹੈ। ਸੋਨੂੰ ਸੂਦ ਨੇ ਆਪਣੇ ਟਵੀਟ ’ਚ ਲਿਖਿਆ ਹੈ, ਗ਼ਲਤ ਨੂੰ ਸਹੀ ਕਹੋਗੇ, ਤਾਂ ਨੀਂਦ ਕਿਵੇਂ ਆਵੇਗੀ? ਲੋਕਾਂ ਦਾ ਕਹਿਣਾ ਹੈ ਕਿ ਸੋਨੂੰ ਸੂਦ ਨੇ ਇਹ ਵਿਅੰਗ ਸਰਕਾਰ ਤੇ ਬਾਲੀਵੁੱਡ ਦੇ ਆਪਣੇ ਸਾਥੀਆਂ ਉੱਤੇ ਕੱਸਿਆ ਹੈ। ਉਨ੍ਹਾਂ ਦੀ ਇਸ ਪੋਸਟ ’ਤੇ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ।


ਇੱਕ ਯੂਜ਼ਰ ਨੇ ਸੋਨੂ ਸੂਦ ਦੇ ਇਸ ਟਵੀਟ ਉੱਤੇ ਕਮੈਂਟ ਕਰਦਿਆਂ ਲਿਖਿਆ ਹੈ, ਤੁਸੀਂ ਬਿਲਕੁਲ ਸਹੀ ਆਖ ਰਹੇ ਹੋ। ਕਿਸੇ ਨੇ ਲਿਖਾ ਹੈ,‘ਬਈ ਖੁੱਲ੍ਹ ਕੇ ਬੋਲੋ, ਤੁਹਾਨੂੰ ਕੇਹਾ ਡਰ?’ ਇੱਕ ਹੋਰ ਯੂਜ਼ਰ ਨੇ ਲਿਖਿਆ- ‘ਖੁੱਲ੍ਹ ਕੇ ਬੋਲੋ ਸਰ… ਦੋਹਰੀ ਸੁਰ ਤੁਹਾਡੇ ਮੂੰਹ ਤੋਂ ਵਧੀਆ ਨਹੀਂ ਲੱਗਦੀ… ਕਿਉਂਕਿ ਸਹੀ ਤਾਂ ਸਹੀ ਹੈ ਤੇ ਗ਼ਲਤ ਵੀ ਗ਼ਲਤ ਹੈ।’


ਇਸ ਤੋਂ ਇਲਾਵਾ ਕ੍ਰਿਕਟ ਖਿਡਾਰੀ ਇਰਫਾਨ ਪਠਾਣ ਵੀ ਸਾਹਮਣੇ ਆਏ ਹਨ। ਆਪਣੀ ਪੋਸਟ ਵਿੱਚ ਪਠਾਨ ਨੇ ਸਪੱਸ਼ਟ ਕੀਤਾ ਕਿ ਭਾਰਤੀਆਂ ਨੇ ਵੀ ਅਮਰੀਕਾ ਵਿੱਚ ਪੁਲਿਸ ਅੱਤਿਆਚਾਰਾਂ ਦੇ ਪੀੜਤ ਜਾਰਜ ਫਲਾਇਡ ਦੀ ਹੱਤਿਆ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਲਿਖਿਆ, "ਜਦੋਂ ਅਮਰੀਕਾ ਵਿੱਚ ਪੁਲਿਸ ਵਾਲੇ ਨੇ ਜਾਰਜ ਫਲਾਇਡ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਤਾਂ ਸਾਡੇ ਦੇਸ਼ ਨੇ ਆਪਣਾ ਦੁੱਖ ਜ਼ਾਹਰ ਕੀਤਾ।"


ਦੱਸ ਦੇਈਏ ਕਿ ਗ੍ਰੇਟਾ ਥਨਬਰਗ ਨੇ ਆਪਣੇ ਪਹਿਲੇ ਟਵੀਟ ’ਚ ਲਿਖਿਆ ਸੀ ਕਿ ਅਸੀਂ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਇੱਕਜੁਟਤਾ ਨਾਲ ਖੜ੍ਹੇ ਹਾਂ। ਇਸ ਟਵੀਟ ਉੱਤੇ ਖ਼ੂਬ ਹੰਗਾਮਾ ਹੋਇਆ ਸੀ। ਅਮਰੀਕੀ ਪੌਪ ਗਾਇਕਾ ਰੇਹਾਨਾ ਤੇ ਅਦਾਕਾਰਾ ਮੀਆ ਖ਼ਲੀਫ਼ਾ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤੇ ਸਨ ਤੇ ਭਾਰਤੀ ਹਸਤੀਆਂ ਨੇ ਉਨ੍ਹਾਂ ਦੇ ਟਵੀਟ ਨੂੰ ਕੂੜ-ਪ੍ਰਚਾਰ ਦੱਸਿਆ ਸੀ।

ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਹੱਕ ਵਿੱਚ ਰੇਹਾਨਾ, ਮੀਆ ਖ਼ਲੀਫ਼ਾ ਸਮੇਤ ਕਈ ਹਾਲੀਵੁੱਡ ਸੈਲੇਬ੍ਰਿਟੀਜ਼ ਨੇ ਵੀ ਕਮੈਂਟ ਕੀਤੇ ਸਨ; ਜਿਸ ਤੋਂ ਬਾਅਦ ਬਾਲੀਵੁੱਡ ਨੇ ਵੀ ਅਜਿਹੀਆਂ ਟਿੱਪਣੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਨ੍ਹਾਂ ਵਿੱਚ ਅਕਸ਼ੇ ਕੁਮਾਰ, ਸੁਨੀਲ ਸ਼ੈਟੀ, ਕੰਗਨਾ ਰਨੌਤ, ਅਜੇ ਦੇਵਗਨ, ਸਵੱਰਾ ਭਾਸਕਰ, ਤਾਪਸੀ ਪਨੂੰ ਸਮੇਤ ਕਈ ਹਸਤੀਆਂ ਸ਼ਾਮਲ ਹਨ।