Uddhav Thackeray Speech: ਕੇਂਦਰ ਦੀ ਸੱਤਾ ਤੇ ਇਸ ਵਾਰ ਭਾਵੇਂ ਭਾਜਪਾ ਨੇ NDA ਗਠਜੋੜ ਨਾਲ ਸਰਕਾਰ ਬਣਾ ਲਈ ਹੈ ਪਰ ਅਜੇ ਵੀ ਇਸ ਸਰਕਾਰ ਦੇ ਡਿਗਣ ਦੀਆਂ ਕਨਸੋਆਂ ਸਾਹਮਣੇ ਆ ਰਹੀਆਂ ਹਨ । ਅਜਿਹੇ ਵਿਚ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਦੇ ਬਿਆਨ ਨੇ ਸਿਆਸਤ ਨੂੰ ਹੋਰ ਭਖਾ ਦਿੱਤਾ ਹੈ ।
ਉਨ੍ਹਾ ਕਿਹਾ ਕਿ ਉਹ ਕਦੇ ਵੀ ਉਨ੍ਹਾਂ ਲੋਕਾਂ ਦਾ ਸਾਥ ਨਹੀਂ ਦੇਣਗੇ ਜਿਨ੍ਹਾਂ ਨੇ ਉਨ੍ਹਾਂ ਦੀ ਪਾਰਟੀ ਨੂੰ 'ਖਤਮ' ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸੰਭਾਵਿਤ ਸੁਲ੍ਹਾ-ਸਫਾਈ ਦੀਆਂ ਕਿਆਸਅਰਾਈਆਂ 'ਤੇ ਰੋਕ ਲੱਗ ਗਈ ਹੈ।
ਸ਼ਿਵ ਸੈਨਾ ਦੇ 58ਵੇਂ ਸਥਾਪਨਾ ਦਿਵਸ 'ਤੇ ਇੱਥੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਠਾਕਰੇ ਨੇ ਕਿਹਾ ਕਿ 9 ਜੂਨ ਨੂੰ ਸੱਤਾ 'ਚ ਆਈ ਨਰਿੰਦਰ ਮੋਦੀ ਸਰਕਾਰ ਡਿੱਗ ਜਾਵੇਗੀ ਅਤੇ ਉਸ ਦੀ ਜਗ੍ਹਾ 'INDIA' ਗਠਜੋੜ ਦੀ ਅਗਵਾਈ ਵਾਲੀ ਸਰਕਾਰ ਸੱਤਾ 'ਤੇ ਕਾਬਜ਼ ਹੋਵੇਗੀ।
ਹਾਲ ਹੀ 'ਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੇ ਪ੍ਰਦਰਸ਼ਨ 'ਤੇ ਸਾਬਕਾ ਮੁੱਖ ਮੰਤਰੀ ਠਾਕਰੇ ਨੇ ਕਿਹਾ ਕਿ ਨੈਸ਼ਨਲ ਪਾਰਟੀ (ਭਾਜਪਾ) ਇਹ ਖਬਰ ਫੈਲਾ ਕੇ ਆਪਣੀ ਅਸਫਲਤਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਿਵ ਸੈਨਾ (ਯੂਬੀਟੀ) ਸੱਤਾਧਾਰੀ ਐਨਡੀਏ 'ਚ ਸ਼ਾਮਲ ਹੋਵੇਗੀ।
ਭਾਜਪਾ ਨਾਲ ਮੁੜ ਗਠਜੋੜ ਦੀਆਂ ਕਿਆਸਅਰਾਈਆਂ ਬਾਰੇ ਠਾਕਰੇ ਨੇ ਕਿਹਾ, 'ਅਸੀਂ ਕਦੇ ਉਨ੍ਹਾਂ ਨਾਲ ਨਹੀਂ ਜਾਵਾਂਗੇ ਜਿਨ੍ਹਾਂ ਨੇ ਸ਼ਿਵ ਸੈਨਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ।' ਉਨ੍ਹਾਂ ਕਿਹਾ ਕਿ ਜਦੋਂ ਤੱਕ ਸੁਪਰੀਮ ਕੋਰਟ ਹੇਠਲੇ ਸਦਨ ਦੇ ਕੁਝ ਮੈਂਬਰਾਂ ਨਾਲ ਸਬੰਧਤ ਅਯੋਗਤਾ ਪਟੀਸ਼ਨਾਂ 'ਤੇ ਆਪਣਾ ਫੈਸਲਾ ਨਹੀਂ ਦਿੰਦੀ, ਉਦੋਂ ਤੱਕ ਵਿਧਾਨ ਪ੍ਰੀਸ਼ਦ ਦੀਆਂ 11 ਸੀਟਾਂ ਲਈ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ।
ਵਿਧਾਨ ਪ੍ਰੀਸ਼ਦ ਦੀਆਂ 11 ਸੀਟਾਂ ਲਈ 12 ਜੁਲਾਈ ਨੂੰ ਚੋਣਾਂ ਹੋਣੀਆਂ ਹਨ। ਇਸ ਚੋਣ ਵਿੱਚ ਵਿਧਾਇਕ ਵੋਟ ਪਾਉਣਗੇ। ਠਾਕਰੇ ਨੇ ਭਾਜਪਾ 'ਤੇ ਹਿੰਦੂਤਵ ਨੂੰ ਛੱਡਣ ਦਾ ਦੋਸ਼ ਲਗਾਇਆ ਅਤੇ ਸਵਾਲ ਕੀਤਾ ਕਿ ਕੀ ਰਾਸ਼ਟਰੀ ਪਾਰਟੀ ਦਾ ਖੇਤਰੀ ਪਾਰਟੀਆਂ ਟੀਡੀਪੀ ਅਤੇ ਜਨਤਾ ਦਲ (ਯੂ) ਨਾਲ ਗਠਜੋੜ ਕੁਦਰਤੀ ਸੀ। ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਠਾਕਰੇ ਨੇ ਭਾਜਪਾ ਦੇ ਹਿੰਦੂਤਵ ਨੂੰ 'ਪ੍ਰਤੀਗਾਮੀ' ਕਰਾਰ ਦਿੱਤਾ ਅਤੇ ਆਪਣੀ ਪਾਰਟੀ ਦੇ ਹਿੰਦੂਤਵ ਨੂੰ 'ਪ੍ਰਗਤੀਸ਼ੀਲ' ਕਰਾਰ ਦਿੱਤਾ।
ਇੱਥੇ ਦੱਸ ਦੇਈਏ ਕਿ ਕੱਲ੍ਹ ਸ਼ਿਵ ਸੈਨਾ ਦਾ ਸਥਾਪਨਾ ਦਿਵਸ ਸੀ। ਇਹ ਸਥਾਪਨਾ ਦਿਵਸ ਸ਼ਿਵ ਸੈਨਾ ਦੇ ਦੋਵਾਂ ਧੜਿਆਂ (ਏਕਨਾਥ ਸ਼ਿੰਦੇ ਅਤੇ ਊਧਵ ਠਾਕਰੇ) ਵੱਲੋਂ ਵੱਖਰੇ ਤੌਰ 'ਤੇ ਮਨਾਇਆ ਗਿਆ ਹੈ।