ਮੋਦੀ ਰਾਜ ’ਚ 40 ਹਜ਼ਾਰ ਕਿਸਾਨਾਂ ਕੀਤੀ ਖ਼ੁਦਕੁਸ਼ੀ !
ਏਬੀਪੀ ਸਾਂਝਾ | 22 Jun 2018 12:29 PM (IST)
ਮੁੰਬਈ: ਸ਼ਿਵ ਸੈਨਾ ਨੇ ਕਿਸਾਨਾਂ ਦੇ ਮੁੱਦੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਘੇਰਿਆ ਹੈ। ਮੋਦੀ ’ਤੇ ਵਾਰ ਕਰਦਿਆਂ ਸ਼ਿਵ ਸੈਨਾ ਨੇ ਅਖਬਾਰ ਸਾਮਨਾ ਦੀ ਸੰਪਾਦਕੀ ਵਿੱਚ ਕਿਹਾ ਕਿ ਕਿਸਾਨਾਂ ਦੀ ਆਮਦਨ ਤਾਂ ਦੁੱਗਣੀ ਨਹੀਂ ਹੋਈ, ਪਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਜ਼ਰੂਰ ਦੁੱਗਣੀਆਂ ਹੋ ਗਈਆਂ ਹਨ। ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਕਿ ਸਾਲ 2014 ਦੇ ਬਾਅਦ ਦੇਸ਼ ਵਿੱਚ ਹੁਣ ਤਕ ਕਰੀਬ 40 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਸ਼ਿਵ ਸੈਨਾ ਦੀ ਸੰਪਾਦਕੀ ਮੁਤਾਬਕ ਕਿਸਾਨਾਂ ਵੱਲੋਂ ਸਭ ਤੋਂ ਵੱਧ ਖ਼ੁਦਕੁਸ਼ੀਆਂ ਮਹਾਰਾਸ਼ਟਰ ਵਿੱਚ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਧਣ ਦੇ ਕਾਰਨਾਂ ਸਬੰਧੀ ਮੋਦੀ ਸਰਕਾਰ ਵਾਰ-ਵਾਰ ਉਹੀ ਜੁਮਲੇ ਦੁਹਰਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਜੁਮਲਿਆਂ ਦੇ ਇਸ ਜ਼ੁਲਮ ਦਾ ਧਮਾਕਾ 2019 ਦੀਆਂ ਚੋਣਾਂ ਵਿੱਚ ਹੋਏਗਾ। ਸ਼ਿਵ ਸੈਨਾ ਨੇ ਕਿਹਾ ਕਿ ਮੌਜੂਦਾ ਸੱਤਾਧਾਰੀਆਂ ’ਤੇ ‘ਜੋ ਗਰਜਦੇ ਹਨ, ਉਹ ਵਰ੍ਹਦੇ ਨਹੀਂ’, ਵਾਲੀ ਕਹਾਵਤ ਬਿਲਕੁਲ ਫਿੱਟ ਬੈਠਦੀ ਹੈ। ਅਸੀਮਤ ਐਲਾਨਾਂ ਵਿੱਚ ਉਹੀ ਜੁਮਲੇਬਾਜ਼ੀ ਤੋਂ ਦੇਸ਼ ਦੀ ਜਨਤਾ ਪ੍ਰੇਸ਼ਾਨ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਸੱਤਾਧਾਰੀ ਹੋਸ਼ ਵਿੱਚ ਆਉਣ ਲਈ ਤਿਆਰ ਨਹੀਂ ਹਨ। ਸ਼ਿਵ ਸੈਨਾ ਨੇ ਕਿਹਾ ਕਿ ਪੀਐਮ ਮੋਦੀ ਨੇ ਐਲਾਨ ਕੀਤਾ ਸੀ ਕਿ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ। 2014 ਵਿੱਚ ਵੀ ਚੋਣ ਐਲਾਨ ਪੱਤਰ ਵਿੱਚ ਬੀਜੇਪੀ ਨੇ ਕਿਸਾਨਾਂ ਨੂੰ ਇਹ ਭਰੋਸਾ ਦਿੱਤਾ ਸੀ। ਇਸੇ ਭਰੋਸੇ ਕਾਰਨ ਕਿਸਾਨਾਂ ਨੇ ਕਾਂਗਰਸ ਨੂੰ ਸੱਤਾ ਵਿੱਚੋਂ ਬਾਹਰ ਕੀਤਾ ਤੇ ਬੀਜੇਪੀ ਦੇ ਵਿਧਾਇਕਾਂ ਦੀ ਗਿਣਤੀ ਦੁਗਣੀ ਕਰ ਕੇ ਉਨ੍ਹਾਂ ਨੂੰ ਸੱਤਾ ਦਿਵਾਈ। ਇਸ ਦੇ ਬਾਅਦ ਦੇਸ਼ ਦੇ ਕਿਸਾਨ ਤੇ ਉਸ ਦੀ ਖੇਤੀ ਸ਼ਾਇਦ ਕੋਮਾ ਵਿੱਚ ਚਲੀ ਗਈ ਹੈ। ਇੱਕ ਇੱਕ ਸੱਚਾਈ ਹੈ। ਸ਼ਿਵ ਸੈਨਾ ਨੇ ਕਿਹਾ ਕਿ ਕਿਸਾਨਾਂ ਦੇ ਨੂੰ ਦਿੱਤੇ ਭਰੋਸੇ ਨੂੰ 4 ਸਾਲ ਬੀਤ ਗਏ ਹਨ ਪਰ ਹਕੀਕਤ ਵਿੱਚ ਕਿਸਾਨ ਜਿੱਥੇ 4 ਸਾਲ ਪਹਿਲਾਂ ਸੀ, ਹੁਣ ਵੀ ਉਸੇ ਜਗ੍ਹਾ ਹੈ। ਮੋਦੀ ਸਰਕਾਰ ਨੇ ਆਪਣੇ ਭਰੋਸੇ ਨੂੰ ਪੂਰਾ ਕਰਨ ਲਈ ਕੁਝ ਨਹੀਂ ਕੀਤਾ।