ਨਵੀਂ ਦਿੱਲੀ: ਮੋਦੀ ਸਰਕਾਰ ਦੇ ਸਹਿਯੋਗੀ ਦਲ ਨਾਰਾਜ਼ ਹੁੰਦੇ ਨਜ਼ਰ ਆ ਰਹੇ ਹਨ। ਪਹਿਲਾਂ ਮੋਦੀ ਕੈਬਨਿਟ ਦੇ ਸਹੁੰ ਚੁੱਕਣ ਤੋਂ ਪਹਿਲਾਂ ਅਚਾਨਕ ਜੇਡੀਯੂ ਨੇ ਕੇਂਦਰ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਕਿਨਾਰਾ ਕਰ ਲਿਆ ਸੀ। ਇਸ ਦਾ ਕਾਰਨ ਸੀ ਗਠਜੋੜ ਵਿੱਚ ਸਹਿਯੋਗੀ ਪਾਰਟੀਆਂ ਲਈ ਕੈਬਨਿਟ ਦਾ ਫਾਰਮੂਲਾ, ਜਿਸਦੇ ਤਹਿਤ ਸਹਿਯੋਗੀ ਪਾਰਟੀਆਂ ਨੂੰ ਮਹਿਜ਼ ਇੱਕ ਮੰਤਰਾਲਾ ਦਿੱਤਾ ਜਾਣਾ ਤੈਅ ਸੀ। ਹੁਣ ਸ਼ਿਵਸੇਨਾ ਨੇ ਵੀ ਬੀਜੇਪੀ ਤੋਂ ਮੂੰਹ ਵੱਟ ਲਿਆ ਹੈ।

ਕੈਬਨਿਟ ਵਿੱਚ ਸਿਰਫ ਇੱਕ ਮੰਤਰਾਲਾ ਮਿਲਣ ਕਰਕੇ ਸ਼ਿਵਸੇਨਾ, ਬੀਜੇਪੀ ਤੋਂ ਨਾਰਾਜ਼ ਦੱਸੀ ਜਾ ਰਹੀ ਹੈ। ਸ਼ਿਵਸੇਨਾ ਦੋ ਜਾਂ ਤਿੰਨ ਮੰਤਰਾਲਿਆਂ ਦੀ ਉਮੀਦ ਕਰ ਰਹੀ ਸੀ ਪਰ ਉਸ ਨੂੰ ਜੇ ਇੱਕ ਮੰਤਰਾਲਾ ਮਿਲਿਆ ਤਾਂ ਉਹ ਵੀ ਘੱਟ ਮਹੱਤਵ ਵਾਲਾ। ਪਿਛਲੀ ਸਰਕਾਰ ਵਿੱਚ ਸ਼ਿਵਸੇਨਾ ਤੋਂ ਅਨੰਤ ਗੀਤੇ ਕੈਬਨਿਟ ਵਿੱਚ ਸ਼ਾਮਲ ਸਨ, ਪਰ ਇਸ ਵਾਰ ਉਹ ਚੋਣ ਹਾਰ ਗਏ। ਇਸ ਵਾਰ ਮੁੰਬਈ ਦੱਖਣ ਤੋਂ ਸਾਂਸਦ ਅਰਵਿੰਦ ਸਾਵੰਤ ਨੂੰ ਭਾਰੀ ਉਦਯੋਗ ਮੰਤਰਾਲਾ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਸ਼ਿਵਸੇਨਾ ਨੇ ਇਸ਼ਾਰਿਆਂ ਵਿੱਚ ਬੀਜੇਪੀ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮੀਡੀਆ ਖ਼ਬਰਾਂ ਮੁਾਤਬਕ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਕਿ ਬੀਜੇਪੀ ਨੇ ਆਪਣੀ ਸਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਨੂੰ ਤਰਜੀਹ ਨਹੀਂ ਦਿੱਤੀ। ਸ਼ਿਵਸੇਨਾ ਸੰਚਾਰ, ਸਿਹਤ ਜਾਂ ਰੇਲਵੇ ਵਰਗੇ ਮੰਤਰਾਲਿਆਂ ਦੀ ਉਮੀਦ ਕਰ ਰਹੀ ਸੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਵਸੇਨਾ ਦੇ ਰਾਜਸਭਾ ਸਾਂਸਦ ਸੰਜੇ ਰਾਊਤ ਨੇ ਕਿਹਾ ਕਿ ਵਿਭਾਗਾਂ ਦੀ ਵੰਡ ਕਰਨਾ ਪੀਐਮ ਦਾ ਵਿਸ਼ੇਸ਼ ਅਧਿਕਾਰ ਹੈ, ਅਜਿਹੇ ਵਿੱਚ ਉਨ੍ਹਾਂ ਕੋਈ ਮੰਗ ਨਹੀਂ ਰੱਖੀ ਸੀ। ਪਾਰਟੀ ਮੁਖੀ ਊਧਵ ਠਾਕਰੇ ਦਿੱਲੀ ਵਿੱਚ ਸਨ ਤੇ ਉਹ ਇਸ ਬਾਰੇ ਵਿੱਚ ਜਾਣਦੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਦੀ ਆਹਲਾ ਕਮਾਨ ਨੂੰ ਇਸ ਬਾਰੇ ਸੁਨੇਹਾ ਭੇਜਿਆ ਗਿਆ ਹੈ।