ਨਵੀਂ ਦਿੱਲੀ: ਹੁਣ ਗੁਜਰਾਤ ਦੇ ਮੌਲ, ਮਲਟੀਪਲੈਕਸ ਤੇ ਦੁਕਾਨਾਂ 24 ਘੰਟੇ ਖੁੱਲ੍ਹੀਆਂ ਰਹਿਣਗੀਆਂ। ਇਹ ਫੈਸਲਾ ਬੁੱਧਵਾਰ ਨੂੰ ਗਾਂਧੀਨਗਰ ‘ਚ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਵੱਲੋਂ ਮੰਤਰੀ ਮੰਡਲ ਦੀ ਬੈਠਕ ‘ਚ ਲਿਆ ਗਿਆ। ਸੂਬਾ ਸਰਕਾਰ ਨੇ ਮਿਹਨਤ ਤੇ ਰੁਜ਼ਗਾਰ ਵਿਭਾਗ ਦੇ 1948 ਦੇ ਦੁਕਾਨ ਤੇ ਸੰਸਥਾ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ। ਬੈਠਕ ਤੋਂ ਬਾਅਦ ਨਿਤਿਨ ਪਟੇਲ ਨੇ ਕਿਹਾ ਕਿ ਆਉਣ ਵਾਲੀਆਂ ਗੁਜਰਾਤ ਅਸੈਂਬਲੀ ਚੋਣਾਂ ‘ਚ ਨਵੇਂ ਸ਼ੌਪ ਐਂਡ ਐਸਟੈਬਲਿਸ਼ਮੈਂਟ ਰੈਗੂਲੇਸ਼ਨ ਆਫ ਐਂਪਲਾਇਮੈਂਟ ਕੰਟੀਸ਼ਨ ਆਫ ਸਰਵਿਸ ਐਕਟ 2019 ਕਾਨੂੰਨ ਨੂੰ ਪੇਸ਼ ਕੀਤਾ ਜਾਵੇਗਾ। ਇਸ ‘ਚ ਭਾਰਤ ਸਰਕਾਰ ਨੇ ਜੋ ਪ੍ਰਵਧਾਨ ਕੀਤਾ ਹੈ, ਉਸ ਮੁਤਾਬਕ ਗੁਜਰਾਤ ‘ਚ ਇਸ ਕਾਨੂੰਨ ਤਹਿਤ ਵਪਾਰੀ ਤੇ ਕਰਮਚਾਰੀ ਨੂੰ ਧਿਆਨ ‘ਚ ਰੱਖ ਕੇ ਇਹ ਫੈਸਲਾ ਲਿਆ ਹੈ। ਨਿਤਿਨ ਪਟੇਲ ਨੇ ਕਿਹਾ ਕਿ ਸਮਾਂ ਬਦਲ ਗਿਆ ਹੈ ਤੇ ਸਮੇਂ ਨਾਲ ਲੋਕ ਵੀ ਬਦਲ ਗਏ ਹਨ। ਹੁਣ ਲੋਕ ਦੇਰ ਰਾਤ ਤਕ ਘਰਾਂ ਤੋਂ ਬਾਹਰ ਘੁੰਮਦੇ ਹਨ। ਰਾਤ ਦੇ ਸਮੇਂ ਬਾਜ਼ਾਰ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਕਾਨੂੰਨ ਤਹਿਤ ਸੂਬੇ ‘ਚ 24 ਘੰਟੇ ਮੌਲ, ਮਲਟੀਪਲੈਕਸ ਤੇ ਦੁਕਾਨਾਂ ਨੂੰ ਖੁੱਲ੍ਹਾ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ।