Shraddha Murder Case : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ਰਧਾ ਮਰਡਰ ਕੇਸ (Shraddha Murder Case) ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ 2020 'ਚ ਕੀਤੀ ਗਈ ਸ਼ਰਧਾ ਦੀ ਸ਼ਿਕਾਇਤ ਨੂੰ ਕਿਉਂ ਬੰਦ ਕੀਤਾ ਗਿਆ? ਇਸ ਮਾਮਲੇ 'ਤੇ ਅੱਗੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਮਾਲੀਵਾਲ ਨੇ ਕਿਹਾ ਕਿ ਜਿੰਨਾ ਚਿਰ ਇਸ ਦੇਸ਼ ਦਾ ਸਿਸਟਮ ਖੋਖਲਾ ਰਹੇਗਾ, ਕੁੜੀਆਂ ਇਸੇ ਤਰ੍ਹਾਂ ਮਰਦੀਆਂ ਰਹਿਣਗੀਆਂ।


ਦਰਅਸਲ, 23 ਨਵੰਬਰ 2020 ਨੂੰ ਸ਼ਰਧਾ ਨੇ ਆਫਤਾਬ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਵਿੱਚ ਉਸਨੇ ਦੱਸਿਆ ਕਿ ਕਿਵੇਂ ਆਫਤਾਬ ਨੇ ਉਸਨੂੰ ਧਮਕੀ ਦਿੱਤੀ ਕਿ ਉਹ ਉਸਦਾ ਗਲਾ ਘੁੱਟ ਕੇ ਉਸਦੇ ਟੁਕੜੇ ਕਰ ਦੇਵੇਗਾ। ਉਸ ਦਿਨ ਆਫਤਾਬ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਲਿਖਿਆ ਸੀ, 'ਆਫਤਾਬ ਪੂਨਾਵਾਲਾ ਮੈਨੂੰ ਗਾਲ੍ਹਾਂ ਕੱਢਦਾ ਹੈ ਅਤੇ ਕੁੱਟਦਾ ਹੈ। ਅੱਜ ਉਸ ਨੇ ਮੇਰਾ ਗਲਾ ਘੁੱਟ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਮੈਨੂੰ ਡਰਾਉਂਦਾ ਵੀ ਹੈ। ਪਿਛਲੇ 6-7 ਮਹੀਨਿਆਂ ਤੋਂ ਉਹ ਮੈਨੂੰ ਮਾਰ ਰਿਹਾ ਹੈ।

ਸ਼ਿਕਾਇਤ 'ਤੇ ਕਾਰਵਾਈ ਕਿਉਂ ਨਹੀਂ ਹੋਈ?

ਇਸ ਸ਼ਿਕਾਇਤ 'ਤੇ ਹੁਣ ਸਵਾਲ ਉੱਠ ਰਹੇ ਹਨ ਕਿ ਇਹ ਸ਼ਿਕਾਇਤ ਬੰਦ ਕਿਉਂ ਕੀਤੀ ਗਈ। 2020 ਦਾ ਇਹ ਸ਼ਿਕਾਇਤ ਪੱਤਰ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਭਾਜਪਾ ਦੇ ਮੁਖੀ ਆਸ਼ੀਸ਼ ਸ਼ੇਲਾਰ ਨੇ ਮਹਾਰਾਸ਼ਟਰ ਪੁਲਿਸ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਉਨ੍ਹਾਂ ਨੇ ਪੱਤਰ ਦੇਖਿਆ ਅਤੇ ਸ਼ਰਧਾ ਨੇ ਇਸ ਵਿੱਚ ਕਈ ਗੰਭੀਰ ਦੋਸ਼ ਲਾਏ ਹਨ। ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਪੁਲਿਸ ਨੇ ਉਸ ਸਮੇਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ।


ਜਾਂਚ ਕਰ ਰਹੀ ਮਹਾਰਾਸ਼ਟਰ ਪੁਲਿਸ   

ਮਹਾਰਾਸ਼ਟਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਰਧਾ ਦੇ ਕਹਿਣ 'ਤੇ ਹੀ ਕੇਸ ਬੰਦ ਕਰ ਦਿੱਤਾ ਗਿਆ। ਮੀਰਾ ਭਾਈੰਦਰ-ਵਾਸਈ ਵਿਰਾਰ (ਐਮਬੀਵੀਵੀ) ਕਮਿਸ਼ਨਰੇਟ ਦੇ ਡੀਸੀਪੀ ਸੁਹਾਸ ਬਾਵਾਚੇ ਨੇ ਕਿਹਾ ਕਿ ਸ਼ਰਧਾ ਨੇ ਆਪਣੇ ਲਿਖਤੀ ਬਿਆਨ ਵਿੱਚ ਕਿਹਾ ਸੀ ਕਿ "ਉਸਦੇ ਅਤੇ ਆਫਤਾਬ ਪੂਨਾਵਾਲਾ ਵਿਚਕਾਰ ਵਿਵਾਦ ਸੁਲਝਾ ਲਿਆ ਗਿਆ ਸੀ"। ਬਿਆਨ ਤੋਂ ਬਾਅਦ ਹੀ ਸ਼ਿਕਾਇਤ ਵਾਪਸ ਲੈ ਲਈ ਗਈ। ਪੁਲਿਸ ਨੇ ਉਹ ਸਾਰੀ ਬਣਦੀ ਕਾਰਵਾਈ ਕੀਤੀ ,ਜੋ ਉਸ ਸਮੇਂ ਕੀਤੀ ਜਾਣੀ ਚਾਹੀਦੀ ਸੀ। ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਦਰਖਾਸਤ ਦੀ ਵੀ ਜਾਂਚ ਕੀਤੀ ਗਈ ਸੀ।