Ram Rahim: ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਪੈਰੋਲ ਦੀ ਮਿਆਦ ਪੂਰੀ ਹੋ ਚੁੱਕੀ ਹੈ। ਗੁਰਮੀਤ ਰਾਮ ਰਹੀਮ ਅੱਜ ਸ਼ਾਮ ਤੋਂ ਬਾਅਦ ਕਿਸੇ ਵੀ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਤਮ ਸਮਰਪਣ ਕਰ ਸਕਦਾ ਹੈ। ਪੈਰੋਲ ਦੌਰਾਨ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮ ਵਿੱਚ ਰਹਿ ਕੇ ਆਨਲਾਈਨ ਸਤਿਸੰਗ ਕਰ ਰਿਹਾ ਸੀ।



ਰਾਮ ਰਹੀਮ ਨੇ 15 ਅਕਤੂਬਰ ਨੂੰ ਜੇਲ੍ਹ ਤੋਂ ਪੈਰੋਲ ਲੈਣ ਤੋਂ ਇਕ ਦਿਨ ਬਾਅਦ ਹੀ ਸੋਸ਼ਲ ਮੀਡੀਆ ਦੀ ਮਦਦ ਨਾਲ ਆਨਲਾਈਨ ਸਤਿਸੰਗ ਸ਼ੁਰੂ ਕੀਤਾ ਸੀ। ਪੈਰੋਲ ਦੇ ਸਮੇਂ ਦੌਰਾਨ ਰਾਮ ਰਹੀਮ ਨੇ ਆਨਲਾਈਨ ਆ ਕੇ ਆਪਣੇ ਦੋ ਗੀਤ ਵੀ ਲਾਂਚ ਕੀਤੇ ਸਨ। ਰਾਮ ਰਹੀਮ ਨੇ ਦੇਸ਼-ਵਿਦੇਸ਼ 'ਚ ਰਹਿੰਦੇ ਆਪਣੇ ਸਮਰਥਕਾਂ ਨਾਲ ਆਨਲਾਈਨ ਸਤਿਸੰਗ ਰਾਹੀਂ ਗੱਲਬਾਤ ਕੀਤੀ।

ਬਲਾਤਕਾਰੀ ਬਾਬਾ ਇੰਸਟਾਗ੍ਰਾਮ 'ਤੇ ਵੀ ਲਗਾਤਾਰ ਆਪਣੀਆਂ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ। ਗੁਰਮੀਤ ਰਾਮ-ਰਹੀਮ ਦੀ ਪੈਰੋਲ ਮਿਆਦ ਤੇ ਚੋਣਾਂ ਨਾਲ ਸਬੰਧਾਂ ਨੂੰ ਲੈ ਕੇ ਵੀ ਕਈ ਸਵਾਲ ਉਠਾਏ ਗਏ ਸਨ। ਹਰਿਆਣਾ ਦੇ ਆਦਮਪੁਰ ਵਿੱਚ ਜ਼ਿਮਨੀ ਚੋਣ ਹੋਈ ਤੇ ਵਿਰੋਧੀ ਧਿਰ ਨੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ ਕਿ ਆਖ਼ਰ ਚੋਣਾਂ ਨੇੜੇ ਆਉਂਦੇ ਹੀ ਬਲਾਤਕਾਰੀ ਬਾਬੇ ਨੂੰ ਪੈਰੋਲ ਕਿਉਂ ਦਿੱਤੀ ਜਾਂਦੀ ਹੈ?

ਪੈਰੋਲ ਦੀ ਮਿਆਦ ਦੌਰਾਨ ਭਾਜਪਾ ਆਗੂ ਰਾਮ-ਰਹੀਮ ਦੇ ਸਤਿਸੰਗਾਂ ਵਿੱਚ ਸ਼ਾਮਲ ਹੁੰਦੇ ਦੇਖੇ ਗਏ। ਪੱਤਰਕਾਰ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਵੀ ਬਲਾਤਕਾਰੀ ਤੇ ਕਾਤਲ ਗੁਰਮੀਤ ਰਾਮ ਰਹੀਮ ਦੀ ਪੈਰੋਲ 'ਤੇ ਸਵਾਲ ਖੜ੍ਹੇ ਕੀਤੇ ਹਨ। ਮਿਆਦ ਖਤਮ ਹੁੰਦੇ ਹੀ ਡੇਰਾ ਮੁਖੀ ਮੁੜ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਵੇਗਾ।


 

ਦੱਸ ਦੇਈਏ ਕਿ ਅਗਸਤ 2017 ਵਿੱਚ ਪੰਚਕੂਲਾ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਇੱਕ ਵਿਸ਼ੇਸ਼ ਅਦਾਲਤ ਨੇ ਦੋ ਸਾਧਵੀਆਂ ਨਾਲਰੇਪ ਮਾਮਲੇ ਵਿੱਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। 15 ਅਕਤੂਬਰ ਨੂੰ ਉਸ ਨੂੰ 40 ਦਿਨਾਂ ਲਈ ਪੈਰੋਲ ਦਿੱਤੀ ਗਈ ਸੀ। ਰੋਹਤਕ ਪੁਲਿਸ ਦੀ ਇੱਕ ਟੀਮ ਨੇ ਉਸਨੂੰ ਪੈਰੋਲ ਦੀ ਮਿਆਦ ਕੱਟਣ ਲਈ ਯੂਪੀ ਦੇ ਬਾਗਪਤ ਵਿੱਚ ਛੱਡ ਦਿੱਤਾ। ਹੁਣ ਪੁਲਿਸ ਟੀਮ ਉਸ ਨੂੰ ਬਾਗਪਤ ਤੋਂ ਦੁਬਾਰਾ ਲਿਆਏਗੀ।