ਸ੍ਰੀਨਗਰ: ਸਿਆਚਿਨ 'ਚ ਦੋ ਹੋਰ ਫੌਜੀਆਂ ਦੀ ਮੌਤ ਹੋ ਗਈ। ਸ਼ਨੀਵਾਰ ਸਵੇਰੇ ਲੱਦਾਖ਼ ਖੇਤਰ ਦੇ ਉੱਤਰੀ ਸਿਆਚਿਨ ਗਲੇਸ਼ੀਅਰ ਵਿੱਚ ਫੌਜ ਦੀ ਗਸ਼ਤੀ ਟੁਕੜੀ ਬਰਫੀਲੇ ਤੂਫਾਨ ਵਿੱਚ ਘਿਰ ਗਈ। ਇਸ ਦੌਰਾਨ ਬਰਫ ਥੱਲੇ ਆ ਕੇ ਦੋ ਜਵਾਨਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸੈਨਾ ਦੇ ਅਧਿਕਾਰੀਆਂ ਨੇ ਦਿੱਤੀ ਹੈ।

ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਉੱਤਰੀ ਸਿਆਚਿਨ ਖੇਤਰ ਵਿੱਚ ਸੈਨਾ ਦੇ ਜਵਾਨ 18000 ਫੁੱਟ ਦੀ ਉਚਾਈ ਉੱਤੇ ਗਸ਼ਤ ਕਰ ਰਹੇ ਸਨ। ਸਵੇਰ ਸਮੇਂ ਉਹ ਬਰਫੀਲੇ ਤੂਫਾਨ ਵਿੱਚ ਘਿਰ ਗਏ। ਇਸ ਦੌਰਾਨ ਤੇਜੀ ਨਾਲ ਰਾਹਤ ਟੀਮ ਪੁੱਜੀ ਤੇ ਜਵਾਨਾਂ ਨੂੰ ਭਾਲ ਕੇ ਬਰਫ ਵਿੱਚੋਂ ਕੱਢ ਲਿਆ ਗਿਆ।

ਇਸ ਦੌਰਾਨ ਸੈਨਾ ਦੇ ਹੈਲੀਕਾਪਟਰ ਵੀ ਬਚਾਅ ਕਾਰਜਾਂ ਵਿੱਚ ਲਾਏ ਗਏ ਪਰ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਮੈਡੀਕਲ ਟੀਮ ਦੋ ਜਵਾਨਾਂ ਨੂੰ ਬਚਾਅ ਨਹੀਂ ਸਕੀ ਤੇ ਜਵਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਚੱਲ ਵਸੇ। ਇਹ ਪਿਛਲੇ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਹੈ ਕਿ ਬਰਫੀਲਾ ਤੂਫਾਨ ਆਉਣ ਕਾਰਨ ਅਜਿਹਾ ਹਾਦਸਾ ਵਾਪਰਿਆ ਹੈ। ਇਸ ਤੋਂ ਪਹਿਲਾਂ 18 ਨਵੰਬਰ ਨੂੰ ਚਾਰ ਜਵਾਨ ਤੇ ਦੋ ਕੁਲੀ ਬਰਫੀਲੇ ਤੂਫਾਨ ਵਿੱਚ ਘਿਰਨ ਕਾਰਨ ਮਾਰੇ ਗਏ ਸਨ।