Sidhu Moosewala Statue: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਸਿੱਧੂ ਮੂਸੇਵਾਲਾ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ। ਇਹ ਦਾਅਵਾ ਸਿਰਸਾ ਦੀ ਡੱਬਵਾਲੀ ਸੀਟ ਤੋਂ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ  ਜਨ ਨਾਇਕ ਜਨਤਾ ਪਾਰਟੀ (JJP) ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚੌਟਾਲਾ ਨੇ ਕੀਤਾ ਹੈ। 


ਦਿਗਵਿਜੇ ਚੌਟਾਲਾ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਹੈ ਕਿ ਉਹ ਡੱਬਵਾਲੀ 'ਚ ਸਿੱਧੂ ਮੂਸੇਵਾਲਾ ਦਾ ਬੁੱਤ ਲਗਾਉਣਗੇ। ਦਿਗਵਿਜੇ ਚੌਟਾਲਾ ਦਾ ਕਹਿਣਾ ਹੈ ਕਿ ਇਹ ਮੂਰਤੀ ਅਗਲੇ 2 ਮਹੀਨਿਆਂ 'ਚ ਬਣ ਕੇ ਤਿਆਰ ਹੋ ਜਾਵੇਗੀ। ਇਸ ਦੇ ਲਈ ਡੱਬਵਾਲੀ ਦੀ ਇਕ ਖਾਸ ਜਗ੍ਹਾ ਤੈਅ ਕੀਤੀ ਜਾ ਰਹੀ ਹੈ।


ਦਿਗਵਿਜੇ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਧੂ ਮਸੂਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਬੁੱਤ ਲਗਾਉਣ ਦੀ ਮਨਜ਼ੂਰੀ ਲਈ ਹੈ। ਬੁੱਤ ਲਗਾਉਣ ਤੋਂ ਬਾਅਦ ਬਲਕੌਰ ਸਿੰਘ ਖੁਦ ਆ ਕੇ ਸਿੱਧੂ ਮੂਸੇਵਾਲਾ ਦੇ ਬੁੱਤ ਦਾ ਆਪਣੇ ਹੱਥਾਂ ਨਾਲ ਉਦਘਾਟਨ ਕਰਨਗੇ।


ਦਿਗਵਿਜੇ ਨੇ ਕਿਹਾ ਕਿ ਇੱਕ ਸਾਧਾਰਨ ਪਰਿਵਾਰ ਵਿੱਚੋਂ ਸਿੱਧੂ ਮੂਸੇਵਾਲਾ ਨੇ ਛੋਟੀ ਉਮਰ ਵਿੱਚ ਹੀ ਆਪਣੀ ਮਿਹਨਤ ਦੇ ਬਲਬੂਤੇ ਪੂਰੇ ਦੇਸ਼ ਅਤੇ ਦੁਨੀਆ ਵਿੱਚ ਨਾਮ ਕਮਾਇਆ ਜੋ ਕਿ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਹੈ। ਉਸ ਦਾ ਕਹਿਣਾ ਹੈ ਕਿ ਡੱਬਵਾਲੀ ਵਿੱਚ ਮੂਸੇਵਾਲਾ ਦਾ ਬੁੱਤ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ।


 


ਮੂਰਤੀ ਲਗਾਉਣ ਪਿੱਛੇ ਇਹ 3 ਕਾਰਨ ਹਨ


1. ਡੱਬਵਾਲੀ ਵਿੱਚ ਪੰਜਾਬੀ ਵੋਟਰਾਂ ਦੀ ਚੰਗੀ ਗਿਣਤੀ ਹੈ। ਇਹ ਵੋਟਰ ਲੋਕ ਸਭਾ ਵਿੱਚ ਕਾਂਗਰਸ ਦੇ ਨਾਲ ਨਜ਼ਰ ਆਏ ਸਨ। ਸੁਖਬੀਰ ਬਾਦਲ ਓਪੀ ਚੌਟਾਲਾ ਦੀ ਪਾਰਟੀ ਇਨੈਲੋ ਦਾ ਸਮਰਥਨ ਕਰ ਰਹੇ ਹਨ। ਜਦੋਂ JJP ਅਤੇ ਇਨੈਲੋ ਇਕੱਠੇ ਸਨ ਤਾਂ ਪੰਜਾਬ ਦੀਆਂ ਇਹ ਵੋਟਾਂ ਇਨੈਲੋ ਨੂੰ ਜਾਂਦੀਆਂ ਸਨ ਅਤੇ ਬਾਗੜੀਆਂ ਦੀਆਂ ਵੋਟਾਂ ਵੀ ਲਗਭਗ ਉਸੇ ਥਾਂ 'ਤੇ ਹੀ ਡਿੱਗਦੀਆਂ ਸਨ। ਪਰ ਪਾਰਟੀ 'ਚ ਫੁੱਟ ਤੋਂ ਬਾਅਦ ਸਥਿਤੀ ਬਦਲ ਗਈ।


2. ਇਸ ਤੋਂ ਇਲਾਵਾ JJP ਡੱਬਵਾਲੀ, ਕਾਲਾਵਾਲੀ, ਰਾਣੀਆ, ਸਿਰਸਾ, ਫਤਿਹਾਬਾਦ, ਰਤੀਆ ਅਤੇ ਟੋਹਾਣਾ ਨੇੜੇ ਪੰਜਾਬੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਇਲਾਕਾ ਕਿਸੇ ਸਮੇਂ ਚੌਟਾਲਾ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਸੀ ਪਰ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਇਲਾਕਿਆਂ ਦੀ ਹਾਲਤ ਖ਼ਰਾਬ ਨਜ਼ਰ ਆਈ। ਸਿਰਸਾ ਲੋਕ ਸਭਾ ਵਿੱਚ ਜੇਜੇਪੀ ਅਤੇ ਇਨੈਲੋ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।


3. ਦਿਗਵਿਜੇ ਚੌਟਾਲਾ ਹੁਣ ਤੱਕ ਇੱਕ ਵੀ ਚੋਣ ਨਹੀਂ ਜਿੱਤ ਸਕੇ ਹਨ, ਪਿਛਲੀਆਂ ਦੋ ਚੋਣਾਂ ਵਿੱਚ ਉਹ ਹਾਰ ਗਏ ਹਨ। ਉਨ੍ਹਾਂ ਨੇ ਸੋਨੀਪਤ ਸੀਟ ਤੋਂ ਭੁਪਿੰਦਰ ਸਿੰਘ ਹੁੱਡਾ ਖਿਲਾਫ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਜੀਂਦ ਉਪ ਚੋਣ 'ਚ ਵੀ ਕਿਸਮਤ ਅਜ਼ਮਾਈ ਪਰ ਇੱਥੇ ਵੀ ਹਾਰ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਕੋਈ ਚੋਣ ਨਹੀਂ ਲੜੀ ਪਰ ਹੁਣ ਉਹ ਚੌਟਾਲਾ ਪਰਿਵਾਰ ਦੀ ਰਵਾਇਤੀ ਸੀਟ ਤੋਂ ਚੋਣ ਲੜ ਕੇ ਜਿੱਤਣਾ ਚਾਹੁੰਦੇ ਹਨ।