ਅੰਮ੍ਰਿਤਸਰ: 12 ਅਪ੍ਰੈਲ ਨੂੰ ਅਟਾਰੀ ਸਰਹੱਦ ਜ਼ਰੀਏ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਅੱਜ ਵਾਪਸ ਮੁੜ ਆਏ ਹਨ, ਪਰ ਉੱਤੇ ਜਾ ਕੇ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਨਹੀਂ ਮੁੜੀ। ਕਿਰਨ ਬਾਲਾ ਨੇ ਪਾਕਿਸਤਾਨ ਜਾ ਮੁਹੰਮਦ ਆਜ਼ਮ ਨਾਂਅ ਦੇ ਸ਼ਖ਼ਸ ਨਾਲ ਨਿਕਾਹ ਕਰਵਾ ਕੇ ਆਪਣਾ ਨਾਂਅ ਆਮਨਾ ਬੀਬੀ ਰੱਖ ਲਿਆ ਹੈ।
ਸਿੱਖ ਜੱਥੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਦੇ ਉੱਥੇ ਹੀ ਰਹਿਣ 'ਤੇ ਸਿੱਖ ਜੱਥਾ ਨਰਾਜ਼ ਹੈ, ਜੱਥੇ ਦੀ ਸੰਗਤ ਮੁਤਾਬਕ ਕਿਰਨ ਬਾਲਾ ਵੱਲੋਂ ਅਜਿਹਾ ਕਦਮ ਚੁੱਕਣ ਲਈ ਗੁਰਧਾਮਾਂ ਦੇ ਦਰਸ਼ਨਾਂ ਨਾਲ ਜਾਣ ਵਾਲੇ ਜੱਥੇ ਦਾ ਸਹਾਰਾ ਲੈਣਾ ਸਰਾਸਰ ਗ਼ਲਤ ਹੈ। ਸੰਗਤ ਨੂੰ ਡਰ ਹੈ ਕਿ ਭਵਿੱਖ ਵਿੱਚ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਨੂੰ ਵੀਜ਼ਾ ਲੈਣ ਵਿੱਚ ਮੁਸ਼ਕਿਲ ਆ ਸਕਦੀ ਹੈ।
ਇੱਧਰ, ਵਿਸ਼ੇਸ਼ ਰੇਲ ਰਾਹੀਂ ਲਾਹੌਰ ਤੋਂ ਚੱਲੀ ਸਿੱਖ ਸੰਗਤ ਅਟਾਰੀ ਸਰਹੱਦ 'ਤੇ ਉੱਤਰ ਚੁੱਕੀ ਹੈ। 717 ਸਿੱਖ ਸ਼ਰਧਾਲੂ 12 ਅਪ੍ਰੈਲ ਨੂੰ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਸਮੇਤ ਸਾਰੇ ਇਤਿਹਾਸਕ ਗੁਰਧਾਮਾਂ ਤੇ ਵਿਸਾਖੀ ਮਨਾਉਣ ਲਈ ਰਵਾਨਾ ਹੋਏ ਸਨ, ਜਿਨ੍ਹਾਂ ਵਿੱਚੋਂ ਵਾਪਸ ਸਿਰਫ 716 ਸ਼ਰਧਾਲੂ ਹੀ ਵਾਪਸ ਪਰਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਦਰਸ਼ਨ ਕਰਨ ਉਪਰੰਤ 8 ਦਿਨ ਬਾਅਦ ਜੱਥਾ ਵਾਪਸ ਭਾਰਤ ਪਰਤਿਆ ਹੈ।