ਨਵੀਂ ਦਿੱਲੀ: ਮੋਦੀ ਸਰਕਾਰ ਦੀ ਲਗਾਤਾਰ ਆਲੋਚਨਾ ਕਰਨ ਵਾਲੇ ਤੇ ਪਾਰਟੀ ਤੋਂ ਨਾਰਾਜ਼ ਚੱਲਦੇ ਆ ਰਹੇ ਨੇਤਾ ਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਨੇ ਅੱਜ ਭਾਰਤੀ ਜਨਤਾ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਮੈਂ ਪਾਰਟੀਬਾਜ਼ੀ ਵਾਲੀ ਸਿਆਸਤ ਤੋਂ ਸੰਨਿਆਸ ਲੈ ਰਿਹਾ ਹਾਂ ਤੇ ਭਵਿੱਖ ਵਿੱਚ ਕਿਸੇ ਵੀ ਅਹੁਦੇ ਦਾ ਦਾਅਵੇਦਾਰ ਨਹੀਂ ਹੋਵਾਂਗਾ। ਉਨ੍ਹਾਂ ਰਾਸ਼ਟਰ ਮੰਚ ਨਾਂਅ ਦੀ ਇੱਕ ਸੰਸਥਾ ਦਾ ਵੀ ਗਠਨ ਕੀਤਾ ਹੈ। ਸਿਨ੍ਹਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਸਿਆਸੀ ਸੰਸਥਾ ਨਹੀਂ ਹੈ।
'ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰਨਗੀਆਂ ਇਸ ਲਈ ਬਣਾਇਆ ਰਾਸ਼ਟਰ ਮੰਚ'
ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਜੋਕੀ ਹਾਲਤ ਨੂੰ ਦੇਖਦੇ ਹੋਏ ਜੇਕਰ ਅਸੀਂ ਚੁੱਪ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰਨਗੀਆਂ ਕਿ ਜਦੋਂ ਇਹ ਸਭ ਹੋ ਰਿਹਾ ਸੀ ਤਾਂ ਤੁਸੀਂ ਕਿੱਥੇ ਸੀ ਤੇ ਕੀ ਕਰ ਰਹੇ ਸੀ। ਇਸੇ ਲਈ ਰਾਸ਼ਟਰਮੰਚ ਦਾ ਗਠਨ ਕੀਤਾ ਹੈ।
'ਮੇਰਾ ਦਿਨ ਹਮੇਸ਼ਾ ਦੇਸ਼ ਲਈ ਧੜਕਦਾ ਹੈ'
ਪਟਨਾ ਵਿੱਚ ਕੀਤੇ ਗਏ ਸਮਾਗਮ ਦੌਰਾਨ ਸਿਨ੍ਹਾ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਚੋਣਾਂ ਤੋਂ ਸੰਨਿਆਸ ਲੈ ਲਿਆ ਸੀ। ਸਿਨ੍ਹਾ ਨੇ ਕਿਹਾ ਕਿ 2014 ਵਿੱਚ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ ਤਾਂ ਹੁਣ ਕਈ ਲੋਕ ਸਮਝਦੇ ਹਨ ਕਿ ਮੇਰੇ ਦਿਲ ਦੀ ਧੜਕਣ ਹੀ ਬੰਦ ਹੋ ਗਈ ਹੈ। ਪਰ ਮੇਰਾ ਦਿਲ ਅੱਜ ਵੀ ਦੇਸ਼ ਲਈ ਹੀ ਧੜਕਦਾ ਹੈ।
ਕੌਣ ਹਨ ਯਸ਼ਵੰਤ ਸਿਨ੍ਹਾ
ਝਾਰਖੰਡ ਦੇ ਹਜ਼ਾਰੀਬਾਗ਼ ਤੋਂ ਸੰਸਦ ਮੈਂਬਰ ਰਹਿ ਚੁੱਕੇ ਯਸ਼ਵੰਤ ਸਿਨ੍ਹਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਵਿੱਤ ਮੰਤਰੀ ਤੇ ਵਿਦੇਸ਼ ਮੰਤਰੀ ਰਹੇ ਚੁੱਕੇ ਹਨ। ਸਿਨ੍ਹਾ, ਚੰਦਰਸ਼ੇਖਰ ਸਰਕਾਰ ਵਿੱਚ ਵੀ ਮੰਤਰੀ ਰਹਿ ਚੁੱਕੇ ਹਨ। ਜਨਤਾ ਨੇ ਤਿੰਨ ਵਾਰ ਉਨ੍ਹਾਂ ਨੂੰ ਲੋਕ ਸਭਾ ਵੀ ਪਹੁੰਚਾਇਆ। ਯਸ਼ਵੰਤ ਸਿਨ੍ਹਾ ਦੇ ਪੁੱਤਰ ਜੈਅੰਤ ਸਿਨ੍ਹਾ ਮੋਦੀ ਸਰਕਾਰ ਵਿੱਚ ਮੰਤਰੀ ਹਨ।