ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਜੀਤ ਸਿੰਘ ਦਾ ਕੇਸ ਲੜੇਗੀ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹਨ। ਅੱਜ ਸ਼ਾਮ ਉਹ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ। ਦੱਸ ਦੇਈਏ ਸਰਬਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਬਲਵੰਤ ਸਿੰਘ ਦੀ ਦਿੱਲੀ ਪੁਲਿਸ ਨੇ ਬੇਰਹਿਮੀ ਨਾਲ ਸੜਕ ਵਿਚਾਲੇ ਸ਼ਰ੍ਹੇਆਮ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਮਾਮਲੇ ਨੇ ਸਿਆਸੀ ਰੂਪ ਲੈ ਲਿਆ।
ਇਸੇ ਸਬੰਧੀ ਦਿੱਲੀ ਵਿੱਚ ਕੱਲ੍ਹ ਰਾਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ 'ਤੇ ਹਮਲਾ ਕੀਤਾ ਗਿਆ। ਦਰਅਸਲ ਇਸ ਦੌਰਾਨ ਮੁਖਰਜੀ ਥਾਣੇ ਬਾਹਰ ਸਿੱਖ ਤਬਕੇ ਦੇ ਲੋਕ ਧਰਨਾ ਦੇ ਕੇ ਪੀੜਤ ਸਿੱਖ ਸਰਬਜੀਤ ਸਿੰਘ ਖ਼ਿਲਾਫ਼ ਕੀਤੀ ਗਈ FIR ਦੀ ਕਾਪੀ ਮੰਗ ਰਹੇ ਸਨ ਤੇ ਮੁਲਜ਼ਮ ਪੁਲਿਸ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਦੀ ਮੰਗ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ FIR ਦੀ ਕਾਪੀ ਨਾ ਮਿਲੀ ਤਾਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਪਣੇ ਹੀ ਪ੍ਰਧਾਨ ਸਿਰਸਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ ਤੇ ਉਹ ਬੜੀ ਮੁਸ਼ਕਲ ਨਾਲ ਆਪਣਾ ਬਚਾਅ ਕਰਦਿਆਂ ਉੱਥੋਂ ਨਿਕਲੇ।
ਦਰਅਸਲ ਜਦੋਂ ਬਲਜੀਤ ਸਿੰਘ ਦਾਦੂਵਾਲ ਧਰਨੇ ਵਾਲੀ ਥਾਂ ਤੋਂ ਚਲੇ ਗਏ ਤਾਂ ਅੱਧੀ ਰਾਤ ਧਰਨਾ ਦੇ ਰਹੀ ਭੀੜ ਵਿੱਚੋਂ ਕੁਝ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇੱਕ ਸ਼ਖ਼ਸ ਨੇ ਪਿਛਲੇ ਪਾਸਿਓਂ ਸਿਰਸਾ ਵੱਲ ਪਾਣੀ ਵਾਲੀ ਬੋਤਲ ਸੁੱਟੀ। ਬੋਤਲ ਸਿਰਸਾ ਦੇ ਨਹੀਂ ਵੱਜੀ ਤਾਂ ਭੀੜ ਨੇ ਉਨ੍ਹਾਂ ਨਾਲ ਧੱਕਾਮੁੱਕੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਸਿਰਸਾ ਨੇ ਕਿਹਾ ਕਿ ਸਰਬਜੀਤ ਸਿੰਘ ਦਾ ਵੀ ਪੁਲਿਸ 'ਤੇ ਹਮਲਾ ਕਰਨਾ ਗ਼ਲਤ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੁਲਿਸ ਅਫ਼ਸਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹਨ।