ਨਵੀਂ ਦਿੱਲੀ: 1984 ਵਿੱਚ ਵਾਪਰੇ ਸਿੱਖ ਕਤਲੇਆਮ ਦੀ ਪੜਤਾਲ ਪੂਰੀ ਕਰਨ ਲਈ ਵਿਸ਼ੇਸ਼ ਜਾਂਚ ਟੀਮ ਨੂੰ ਹੋਰ ਸਮਾਂ ਦੇ ਦਿੱਤਾ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਐਸਆਈਟੀ ਨੂੰ 186 ਕੇਸਾਂ ਦੀ ਪੜਤਾਲ ਕਰਨ ਲਈ ਦੋ ਮਹੀਨਿਆਂ ਦਾ ਸਮਾਂ ਦੇ ਦਿੱਤਾ ਹੈ।


ਜਸਟਿਸ ਐਸਏ ਬੋਬਡੇ ਤੇ ਐਸ. ਅਬਦੁਲ ਨਜ਼ੀਰ ਨੇ ਐਸਆਈਟੀ ਦੀ ਸਮਾਂ ਮਿਆਦ ਵਧਾ ਦਿੱਤੀ ਹੈ। ਐਸਆਈਟੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ 50% ਕੰਮ ਮੁਕੰਮਲ ਕਰ ਲਿਆ ਹੈ ਤੇ ਜਾਂਚ ਪੂਰੀ ਕਰਨ ਲਈ ਦੋ ਮਹੀਨੇ ਹੋਰ ਲੋੜੀਂਦੇ ਹਨ।

ਪਿਛਲੇ ਸਾਲ 11 ਜਨਵਰੀ ਨੂੰ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਐਸਐਨ ਢੀਂਗਰਾ ਦੀ ਅਗਵਾਈ ਵਿੱਚ ਸੇਵਾਮੁਕਤ ਆਈਪੀਐਸ ਅਫਸਰ ਰਾਜਦੀਪ ਸਿੰਘ ਤੇ ਮੌਜੂਦਾ ਆਈਪੀਐਸ ਅਧਿਕਾਰੀ ਅਭਿਸ਼ੇਕ ਦੁਲਾਰ ਦੀ ਮੈਂਬਰੀ ਵਾਲੀ ਐਸਆਈਟੀ ਦਾ ਗਠਨ ਕੀਤਾ ਸੀ। ਹਾਲਾਂਕਿ, ਰਾਜਦੀਪ ਸਿੰਘ ਨੇ ਬਾਅਦ ਵਿੱਚ ਨਿੱਜੀ ਕਾਰਨਾਂ ਕਰਕੇ ਟੀਮ ਮੈਂਬਰ ਵਜੋਂ ਕਿਨਾਰਾ ਕਰ ਲਿਆ ਸੀ, ਪਰ ਦੋ ਮੈਂਬਰਾਂ ਵੱਲੋਂ ਕੰਮ ਜਾਰੀ ਹੈ ਤੇ ਉਨ੍ਹਾਂ ਤੀਜੇ ਮੈਂਬਰ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਤੋਂ ਇਨਕਾਰ ਕਰ ਦਿੱਤਾ ਸੀ।

ਹੁਣ ਐਸਆਈਟੀ ਨੂੰ ਹਿੰਸਾ ਦੇ 186 ਕੇਸਾਂ ਦੀ ਜਾਂਚ ਪੂਰੀ ਕਰਨੀ ਹੈ। ਸੁਪਰੀਮ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾਡ ਸਿੰਘ ਕਾਹਲੋਂ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਗੁਰਲਾਡ ਸਿੰਘ ਨੇ ਪਟੀਸ਼ਨ ਪਾਈ ਸੀ ਕਿ 1984 ਸਿੱਖ ਦੰਗਿਆਂ ਵਿੱਚ 62 ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਬਾਰੇ ਵੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ।