ਚੁਰਾਸੀ ਕਤਲੇਆਮ ਕੇਸ 'ਚ ਤੀਜੇ ਗਵਾਹ ਵੱਲੋਂ ਵੀ ਸੱਜਣ ਕੁਮਾਰ ਦੀ ਸ਼ਨਾਖ਼ਤ
ਏਬੀਪੀ ਸਾਂਝਾ | 29 Mar 2019 10:42 AM (IST)
ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸ ਦੇ ਮੁੱਖ ਗਵਾਹ ਨੇ ਕਾਂਗਰਸੀ ਲੀਡਰ ਸੱਜਣ ਕੁਮਾਰ ਦੀ ਸ਼ਨਾਖ਼ਤ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਸੱਜਣ ਕੁਮਾਰ ਨੇ ਭੀੜ ਨੂੰ ਸਿੱਖਾਂ ਨੂੰ ਮਾਰਨ ਲਈ ਭੜਕਾਇਆ ਸੀ, ਜਿਸ ਮਗਰੋਂ ਭੀੜ ਨੇ ਸਿੱਖਾਂ 'ਤੇ ਹਮਲਾ ਕੀਤਾ ਸੀ। ਗਵਾਹ ਨੇ ਇਹ ਵੀ ਦੱਸਿਆ ਕਿ ਜਦ ਉਹ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਲੈ ਕੇ ਗਿਆ ਤਾਂ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਗਵਾਹ ਜੋਗਿੰਦਰ ਸਿੰਘ ਨੇ ਵੀਰਵਾਰ ਨੂੰ ਜ਼ਿਲ੍ਹਾ ਜੱਜ ਪੂਨਮ ਏ. ਬਾਂਬਾ ਦੀ ਅਦਾਲਤ ’ਚ ਸੱਜਣ ਕੁਮਾਰ ਦੀ ਸ਼ਨਾਖ਼ਤ ਭੀੜ ਨੂੰ ਸਿੱਖਾਂ ਦੇ ਕਤਲ ਲਈ ਉਕਸਾਉਣ ਵਾਲੇ ਵਿਅਕਤੀ ਵਜੋਂ ਕੀਤੀ ਹੈ। ਐਡਵੋਕੇਟ ਤਰੰਨੁਮ ਚੀਮਾ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਜੋਗਿੰਦਰ ਸਿੰਘ ਨੇ ਕਿਹਾ ਕਿ ਜਦ ਉਹ ਪੁਲੀਸ ਕੋਲ ਐੱਫਆਈਆਰ ਦਰਜ ਕਰਵਾਉਣ ਗਿਆ ਤਾਂ ਉਨ੍ਹਾਂ ਸੱਜਣ ਕੁਮਾਰ ਦਾ ਨਾਂ ਐੱਫਆਈਆਰ ’ਚ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਸੱਜਣ ਕੁਮਾਰ ਹੀ ਉਹ ਵਿਅਕਤੀ ਹੈ ਜੋ ਭੀੜ ਦੀ ਅਗਵਾਈ ਕਰ ਰਿਹਾ ਸੀ ਤੇ ਉਨ੍ਹਾਂ ਨੂੰ ਉਕਸਾ ਰਿਹਾ ਸੀ।’ ਇਸ ਕਤਲੇਆਮ ’ਚ ਜੋਗਿੰਦਰ ਸਿੰਘ ਦਾ ਭਰਾ ਮਾਰਿਆ ਗਿਆ ਸੀ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 9 ਅਪਰੈਲ ਨੂੰ ਪਾ ਦਿੱਤੀ ਹੈ। ਜੋਗਿੰਦਰ ਸਿੰਘ ਤੋਂ ਪਹਿਲਾਂ ਦੋ ਹੋਰ ਗਵਾਹ ਚਾਮ ਕੌਰ ਤੇ ਸ਼ੀਲਾ ਕੌਰ ਵੱਲੋਂ ਸੱਜਣ ਕੁਮਾਰ ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ ਕਿ ਉਸ ਨੇ ਸੁਲਤਾਨਪੁਰੀ ’ਚ ਭੀੜ ਨੂੰ ਭੜਕਾਇਆ ਸੀ। ਸੱਜਣ ਕੁਮਾਰ ਦਿੱਲੀ ਛਾਉਣੀ ਦੇ ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਮਾਮਲੇ ਵਿੱਚ ਪਹਿਲਾਂ ਤੋਂ ਹੀ ਤਾ-ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 1984 ਸਿੱਖ ਕਤਲੇਆਮ ਦਾ ਇਹ ਵੱਖਰਾ ਮਾਮਲਾ ਹੈ।