ਚੰਡੀਗੜ੍ਹ: ਸੀਪੀਐਮ ਲੀਡਰ ਸੀਤਾ ਰਾਮ ਯੇਚੁਰੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਸ਼ਮੀਰ ਵਿੱਚ ਨਜ਼ਰਬੰਦ ਕੀਤੇ ਲੀਡਰਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਇੰਟਰਨੈੱਟ ਨਾ ਚੱਲਣ ਨਾਲ ਲੋਕਾਂ ਦਾ ਰੁਜ਼ਗਾਰ ਰੁਕਿਆ ਹੋਇਆ ਹੈ। ਕਸ਼ਮੀਰ ਵਿੱਚ ਸੈਰ ਸਪਾਟਾ ਬਿਲਕੁਲ ਠੱਪ ਹੋਇਆ ਪਿਆ ਹੈ। ਕਸ਼ਮੀਰ ਦੇ ਲੋਕ ਟੂਰਿਜ਼ਮ ਤੋਂ ਹੀ ਆਪਣੀ ਰੋਜ਼ੀ-ਰੋਟੀ ਚਲਾਉਂਦੇ ਸੀ। ਹੁਣ ਇਹ ਸਭ ਕੁਝ ਠੱਪ ਹੋਣ ਕਰਕੇ ਘਾਟੀ ਵਿੱਚ 10 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ।
ਯੇਚੁਰੀ ਨੇ ਦੱਸਿਆ ਕਿ ਘਾਟੀ ਵਿੱਚ ਕਾਰੋਬਾਰੀਆਂ ਦਾ 12 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। 100 ਦਿਨ ਤੋਂ ਜ਼ਿਆਦਾ ਹੋ ਗਏ ਪਰ ਇੱਥੇ ਕੁਝ ਵੀ ਆਮ ਗਤੀਵਿਧੀ ਨਹੀਂ ਹੋ ਰਹੀ। ਹਾਲੇ ਵੀ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ। ਸਕੂਲ-ਕਾਲਜ ਤੇ ਦੁਕਾਨਾਂ ਬੰਦ ਪਈਆਂ ਹਨ। ਜਨਤਕ ਟਰਾਂਸਪੋਰਟ ਵੀ ਬੰਦ ਹੈ। ਇੰਟਰਨੈਟ ਤੇ ਐਸਐਮਐਸ ਸੇਵਾਵਾਂ ਵੀ ਬੰਦ ਹਨ। ਇਸ ਨੂੰ ਨੈਸ਼ਨਲ ਕਲਾਈਮਿਟੀ ਐਲਾਨਦਿਆਂ ਉਨ੍ਹਾਂ ਕਸ਼ਮੀਰੀਆਂ ਲਈ ਮੁਆਵਜ਼ੇ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਅਯੁੱਧਿਆ ਦੇ ਮਸਲੇ 'ਤੇ ਬੋਲਦਿਆਂ ਯੇਚੁਰੀ ਨੇ ਕਿਹਾ ਕਿ ਫੈਸਲਾ ਤਾਂ ਆ ਗਿਆ ਹੈ, ਪਰ ਇਸ ਫੈਸਲੇ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਫੈਸਲਾ ਕਾਨੂੰਨ ਤੇ ਸੰਵਿਧਾਨ ਦੇ ਆਧਾਰ 'ਤੇ ਹੋਏਗਾ, 'ਫੇਥ' ਦੇ ਆਧਾਰ 'ਤੇ ਨਹੀਂ, ਪਰ ਫੈਸਲੇ ਵਿੱਚ 'ਫੇਥ' ਦਾ ਵਧੇਰੇ ਪ੍ਰਭਾਵ ਵੇਖਣ ਨੂੰ ਮਿਲਿਆ। ਫੈਸਲਾ ਤਾਂ ਹੋਇਆ, ਪਰ ਨਿਆਂ ਨਹੀਂ ਹੋਇਆ।