ਚੰਡੀਗੜ੍ਹ: ਭਾਰਤ ਦੀ ਸਭ ਤੋਂ ਵੱਡੀ ਬਿਸਕੁਟ ਬਣਾਉਣ ਵਾਲੀ ਕੰਪਨੀ ਪਾਰਲੇ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਨੂੰ 10,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰਨੀ ਪੈ ਸਕਦੀ ਹੈ। ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਵਿੱਚ ਆਈ ਮੰਦੀ ਕਰਕੇ ਆਟੋਮੋਬਾਈਲ ਤੋਂ ਲੈ ਕੇ ਰਿਟੇਲ ਉਤਪਾਦ ਖੇਤਰ ਤੱਕ ਹਰ ਉਤਪਾਦ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ।
ਕੰਪਨੀਆਂ ਨੂੰ ਉਤਪਾਦਨ ਤੇ ਭਰਤੀ 'ਤੇ ਲਗਾਮ ਲਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਪਾਰਲੇ ਦੇ ਕੈਟੇਗਰੀ ਮੁਖੀ ਮਯੰਕ ਸ਼ਾਹ ਦੇ ਹਵਾਲੇ ਨਾਲ ਕਿਹਾ ਗਿਆ, 'ਅਸੀਂ ਜੀਐਸਟੀ ਵਿੱਚ ਕਟੌਤੀ ਦੀ ਮੰਗ ਕੀਤੀ ਹੈ ਪਰ ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸਾਡੇ ਕੋਲ 8,000-10,000 ਲੋਕਾਂ ਨੂੰ ਨੌਕਰੀਆਂ ਤੋਂ ਹਟਾਉਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚੇਗਾ।'
ਇਸ ਮਹੀਨੇ ਦੇ ਸ਼ੁਰੂ ਵਿੱਚ ਬਿਸਕੁਟ ਨਿਰਮਾਤਾ ਬ੍ਰਿਟਾਨੀਆ ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਰੁਣ ਬੇਰੀ ਨੇ ਕਿਹਾ ਕਿ ਗਾਹਕ ਸਿਰਫ 5 ਰੁਪਏ (0.07 ਡਾਲਰ) ਵਿੱਚ ਉਤਪਾਦ ਖਰੀਦਣ ਬਾਰੇ ਦੋ ਵਾਰ ਸੋਚ ਰਹੇ ਹਨ।
ਅਰਥ ਵਿਵਸਥਾ ਵਿੱਚ ਸਪੱਸ਼ਟ ਤੌਰ 'ਤੇ ਕੋਈ ਗੰਭੀਰ ਸਮੱਸਿਆ ਹੈ। ਇਸ ਤੋਂ ਪਹਿਲਾਂ ਟੈਕਸਟਾਈਲ ਇੰਡਸਟਰੀ ਨੇ ਅਖ਼ਬਾਰ ਵਿੱਚ ਇਸ਼ਤਿਹਾਰ ਛਾਪ ਕੇ ਸੁਚੇਤ ਕੀਤਾ ਸੀ ਕਿ ਮੰਗ ਦੀ ਘਾਟ ਕਾਰਨ ਵੱਡੀ ਗਿਣਤੀ ਵਿੱਚ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ। ਇਸੇ ਤਰ੍ਹਾਂ ਚਾਹ ਉਦਯੋਗ ਵੀ ਇਸ ਮੰਦੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।