ਉਦੇਪੁਰ: ਰਾਜਸਥਾਨ ’ਚ ਇੱਕ ਦੋਧੀ ਦੀ 26 ਸਾਲਾ ਧੀ ਸੋਨਲ ਸ਼ਰਮਾ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਕੇ ਜੱਜ ਬਣਨ ਜਾ ਰਹੀ ਹੈ। ਉਹ ਸਾਲ 2017 ਦੀ ਰਾਜਸਥਾਨ ਜੁਡੀਸ਼ੀਅਲ ਸਰਵਿਸ ਪਾਸ ਕਰਨ ਤੋਂ ਸਿਰਫ਼ ਤਿੰਨ ਅੰਕਾਂ ਤੋਂ ਰਹਿ ਗਏ ਸਨ। ਇੱਕ ਸਾਲ ਬਾਅਦ ਉਨ੍ਹਾਂ ਫਿਰ ਪ੍ਰੀਖਿਆ ਦਿੱਤੀ ਪਰ ਸਿਰਫ਼ ਇੱਕ ਅੰਕ ਤੋਂ ਰਹਿ ਗਏ ਸਨ।


ਸੋਨਲ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਆਪਣੇ ਪਿਤਾ ਨੂੰ ਲੋਕਾਂ ਦੀਆਂ ਝਿੜਕਾਂ ਖਾਂਦਿਆਂ ਸੁਣਿਆ ਹੈ, ਗਲੀ-ਗਲੀ ਜਾ ਕੇ ਕੂੜਾ ਚੁੱਕਦਿਆਂ ਵੇਖਿਆ ਹੈ। ‘ਅਸੀਂ ਭੈਣਾਂ-ਭਰਾਵਾਂ ਦੀ ਚੰਗੀ ਪੜ੍ਹਾਈ ਲਈ ਹਰ ਥਾਂ ਅਪਮਾਨਿਤ ਹੁੰਦਿਆਂ ਵੇਖਿਆ ਹੈ। ਸਕੂਲ ਦੇ ਦਿਨਾਂ ਵਿੱਚ ਸ਼ਰਮ ਆਉਂਦੀ ਸੀ ਇਹ ਦੱਸਣ ਵਿੱਚ ਕਿ ਸਾਡੇ ਪਿਤਾ ਦੁੱਧ ਵੇਚਦੇ ਹਨ ਪਰ ਅੱਜ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਸ ਪਰਿਵਾਰ ਦੀ ਧੀ ਹਾਂ।’

ਉਦੇਪੁਰ ਦੇ ਸੋਨਲ ਸ਼ਰਮਾ ਨੇ ਆਪਣੇ ਰਾਹ ਵਿੱਚ ਆਏ ਸਾਰੇ ਅੜਿੱਕੇ ਪਾਰ ਕਰਦਿਆਂ ਐਲਐਲਬੀ ਤੇ ਐਲਐਲਐਮ ਦੀ ਪ੍ਰੀਖਿਆ ਵਧੀਆ ਅੰਕਾਂ ਨਾਲ ਪਾਸ ਕਰ ਕੇ ਇੱਕ ਸਾਲ ਦੀ ਟ੍ਰੇਨਿੰਗ ਕੀਤੀ। ਹੁਣ ਉਨ੍ਹਾਂ ਦੀ ਨਿਯੁਕਤੀ ਫ਼ਸਟ ਕਲਾਸ ਮੈਜਿਸਟ੍ਰੇਟ ਵਜੋਂ ਰਾਜਸਥਾਨ ਦੀ ਸੈਸ਼ਨਜ਼ ਕੋਰਟ ਵਿੱਚ ਹੋਣ ਜਾ ਰਹੀ ਹੈ।

ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਸੋਨਲ ਸਾਇਕਲ ਉੱਤੇ ਆਪਣੇ ਕਾਲਜ ਜਾਇਆ ਕਰਦੇ ਸਨ ਤੇ ਲਾਇਬ੍ਰੇਰੀ ਵਿੱਚ ਪੜ੍ਹਦੇ ਸਨ। ਉਨ੍ਹਾਂ ਖ਼ਾਲੀ ਤੇਲ ਦੇ ਡੱਬੇ ਨੂੰ ਮੇਜ਼ ਵਜੋਂ ਵਰਤ ਕੇ ਪੜ੍ਹਾਈ ਕੀਤੀ। ਉਹ ਦੱਸਦੇ ਹਨ ਕਿ ਜ਼ਿਆਦਾਤਰ ਸਮੇਂ ਉਨ੍ਹਾਂ ਦੀਆਂ ਚੱਪਲਾਂ ਗਊ ਦੇ ਗੋਬਰ ਨਾਲ ਲਿੱਬੜੀਆਂ ਰਹਿੰਦੀਆਂ ਸਨ।

ਉਹ ਦੱਸਦੇ ਹਨ ਕਿ ਜਦੋਂ ਵੀ ਕਦੇ ਉਹ ਆਪਣੇ ਪਿਤਾ ਨਾਲ ਦੁੱਧ ਵੇਚਣ ਲਈ ਜਾਂਦੇ ਸਨ, ਤਾਂ ਉਨ੍ਹਾਂ ਨੂੰ ਬਹੁਤ ਸ਼ਰਮ ਆਉਂਦੀ ਸੀ। ਸ਼ਰਮ ਇਸ ਲਈ ਆਉਂਦੀ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਨੂੰ ਬਿਨਾ ਕਸੂਰ ਕਾਫ਼ੀ ਕੁਝ ਮਾੜਾ ਸੁਣਨਾ ਪੈਂਦਾ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904