Congress President Election : ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਚੱਲ ਰਹੀ ਹੈ ,ਜੋ ਸ਼ਾਮ 4 ਵਜੇ ਤੱਕ ਚੱਲੇਗੀ। ਦੋ ਦਿਨਾਂ ਬਾਅਦ ਭਾਵ 19 ਅਕਤੂਬਰ ਨੂੰ ਨਤੀਜੇ ਜਾਰੀ ਹੋਣਗੇ।  ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਮੈਂਬਰ ਵੋਟਿੰਗ ਵਿੱਚ ਹਿੱਸਾ ਲੈਣਗੇ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਸਥਿਤ ਏ.ਆਈ.ਸੀ.ਸੀ. ਦਫ਼ਤਰ ਵਿੱਚ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਆਪਣੀ ਵੋਟ ਪਾਈ ਹੈ। ਵੋਟ ਪਾਉਣ ਤੋਂ ਬਾਅਦ ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੀ ਸੀ।


 





ਕਾਂਗਰਸ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਮਲਿਕਾਰਜੁਨ ਖੜਗੇ ਨੇ ਬੈਂਗਲੁਰੂ ਵਿੱਚ ਆਪਣੀ ਵੋਟ ਪਾਈ ਹੈ। ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੌਰਾਨ ਬੇਲਾਰੀ ਵਿੱਚ ਆਪਣੀ ਵੋਟ ਪਾਉਣਗੇ। ਕਾਂਗਰਸ ਦੇ ਸੰਸਦ ਮੈਂਬਰ ਪੀ ਚਿਦੰਬਰਮ, ਜੈਰਾਮ ਰਮੇਸ਼ ਅਤੇ ਪਾਰਟੀ ਦੇ ਹੋਰ ਨੇਤਾਵਾਂ ਨੇ ਦਿੱਲੀ ਸਥਿਤ ਏ.ਆਈ.ਸੀ.ਸੀ. ਦਫਤਰ ਵਿਖੇ ਆਪਣੀ ਵੋਟ ਪਾਈ। ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਬੈਂਗਲੁਰੂ ਵਿੱਚ ਕਿਹਾ ਕਿ ਅੱਜ ਕਾਂਗਰਸ ਪਾਰਟੀ ਲਈ ਇਤਿਹਾਸਕ ਦਿਨ ਹੈ। ਅੱਜ 490 ਲੋਕਾਂ ਨੇ ਪਾਰਦਰਸ਼ੀ ਢੰਗ ਨਾਲ ਆਪਣੀ ਵੋਟ ਪਾਈ।


 
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ, ਅੱਜ 22 ਸਾਲਾਂ ਬਾਅਦ ਕਾਂਗਰਸ ਪ੍ਰਧਾਨ ਦੀ ਚੋਣ ਹੋ ਰਹੀ ਹੈ। ਇਹ ਚੋਣ ਪਾਰਟੀ ਅੰਦਰ ਅੰਦਰੂਨੀ ਸਦਭਾਵਨਾ ਦਾ ਸੁਨੇਹਾ ਦਿੰਦੀ ਹੈ। ਗਾਂਧੀ ਪਰਿਵਾਰ ਨਾਲ ਮੇਰੇ ਸਬੰਧ 19 ਅਕਤੂਬਰ ਤੋਂ ਬਾਅਦ ਵੀ ਉਹੀ ਰਹਿਣਗੇ। ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਆਪਣੇ ਪ੍ਰਧਾਨ ਲਈ ਚੋਣ ਕਰਵਾਉਣ ਵਾਲੀ ਇਕੱਲੀ ਸਿਆਸੀ ਪਾਰਟੀ ਹੈ। ਇਹ ਇੱਕ ਇਤਿਹਾਸਕ ਦਿਨ ਹੈ।  


ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਸਾਡੀ ਅੰਦਰੂਨੀ ਚੋਣ ਦਾ ਹਿੱਸਾ ਹੈ। ਅਸੀਂ ਇਕ ਦੂਜੇ (ਥਰੂਰ) ਨੂੰ ਜੋ ਵੀ ਕਿਹਾ ਉਹ ਦੋਸਤਾਨਾ ਢੰਗ ਨਾਲ ਸੀ। ਅਸੀਂ ਮਿਲ ਕੇ ਪਾਰਟੀ ਬਣਾਉਣੀ ਹੈ। ਥਰੂਰ ਨੇ ਮੈਨੂੰ ਫੋਨ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮੈਂ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਓਧਰ ਵੋਟਿੰਗ ਤੋਂ ਪਹਿਲਾਂ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਨੂੰ ਭਰੋਸਾ ਹੈ। ਹੁਣ ਪਾਰਟੀ ਦੀ ਕਿਸਮਤ ਕਾਂਗਰਸੀ ਵਰਕਰਾਂ ਦੇ ਹੱਥਾਂ ਵਿੱਚ ਹੈ। ਥਰੂਰ ਨੇ ਕਿਹਾ ਕਿ ਮੈਂ ਖੜਗੇ ਨਾਲ ਗੱਲ ਕੀਤੀ ਅਤੇ ਕਿਹਾ ਕਿ ਅਸੀਂ ਸਹਿਯੋਗੀ ਅਤੇ ਦੋਸਤ ਬਣੇ ਰਹਾਂਗੇ।

 



ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਤੀਜੀ ਵਾਰ ਚੋਣ

 

137 ਸਾਲ ਪੁਰਾਣੀ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਇਸ ਵਾਰ ਗੈਰ-ਗਾਂਧੀ ਪਰਿਵਾਰ ਦੇ ਨੇਤਾ ਨੂੰ ਚੁਣਿਆ ਜਾਣਾ ਤੈਅ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪਿਛਲੇ 50 ਸਾਲਾਂ ਵਿੱਚ ਸਿਰਫ਼ ਦੋ ਵਾਰ ਹੀ ਵੋਟਿੰਗ ਹੋਈ ਹੈ। 1997 ਦੀਆਂ ਚੋਣਾਂ ਵਿੱਚ ਪਹਿਲੀ ਵਾਰ ਤਿੰਨ ਉਮੀਦਵਾਰ ਸੀਤਾਰਾਮ ਕੇਸਰੀ, ਸ਼ਰਦ ਪਵਾਰ ਅਤੇ ਰਾਜੇਸ਼ ਪਾਇਲਟ ਮੈਦਾਨ ਵਿੱਚ ਸਨ। ਸੀਤਾਰਾਮ ਕੇਸਰੀ 6224 ਵੋਟਾਂ ਹਾਸਲ ਕਰਕੇ ਕਾਂਗਰਸ ਪ੍ਰਧਾਨ ਬਣੇ। ਸਾਲ 2000 ਵਿੱਚ ਦੂਜੀ ਵਾਰ ਕਾਂਗਰਸ ਪ੍ਰਧਾਨ ਦੀ ਚੋਣ ਸੋਨੀਆ ਗਾਂਧੀ ਅਤੇ ਜਤਿੰਦਰ ਪ੍ਰਸਾਦ ਵਿਚਕਾਰ ਹੋਈ, ਜਿਸ ਵਿੱਚ ਸੋਨੀਆ ਗਾਂਧੀ ਨੂੰ 7,448 ਅਤੇ ਜਤਿੰਦਰ ਪ੍ਰਸਾਦ ਨੂੰ 94 ਵੋਟਾਂ ਮਿਲੀਆਂ ਸਨ।