ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress Leader Sonia Gandhi) ਨੇ ਮੋਦੀ ਸਰਕਾਰ (Modi Government) 'ਤੇ ਕੋਰੋਨਾਵਾਇਰਸ (Coronavirus) ਮਹਾਂਮਾਰੀ ਸਬੰਧੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਬਾਰੇ ਵਿਚਾਰ-ਵਟਾਂਦਰੇ ਲਈ ਤੁਰੰਤ ਸਰਬ ਪਾਰਟੀ ਬੈਠਕ (CPC Meeting) ਬੁਲਾਈ ਜਾਣੀ ਚਾਹੀਦੀ ਹੈ।
ਸੋਨੀਆ ਗਾਂਧੀ ਨੇ ਕਿਹਾ, "ਕੋਵਿਡ ਦਾ ਸੰਕਟ 'ਸਰਕਾਰ ਬਨਾਮ ਅਸੀਂ' ਦੀ ਲੜਾਈ ਨਹੀਂ, ਬਲਕਿ 'ਅਸੀਂ ਬਨਾਮ ਕੋਰੋਨਾ' ਦੀ ਲੜਾਈ ਹੈ। ਸਾਨੂੰ ਇੱਕ ਰਾਸ਼ਟਰ ਵਜੋਂ ਇਹ ਲੜਾਈ ਲੜਨੀ ਪਏਗੀ। ਮੇਰਾ ਮੰਨਣਾ ਹੈ ਕਿ ਮੋਦੀ ਸਰਕਾਰ ਨੂੰ ਕੋਵਿਡ ਦੀ ਸਥਿਤੀ 'ਤੇ ਤੁਰੰਤ ਇੱਕ ਸਰਬ ਪਾਰਟੀ ਬੈਠਕ ਬੁਲਾਉਣੀ ਚਾਹੀਦੀ ਹੈ।" ਸੋਨੀਆ ਗਾਂਧੀ ਨੇ ਕਿਹਾ, "ਕਾਂਗਰਸ ਇਹ ਵੀ ਮੰਗ ਕਰਦੀ ਹੈ ਕਿ ਸੰਸਦ ਦੀ ਸਥਾਈ ਕਮੇਟੀ ਦੀ ਮੀਟਿੰਗ ਬੁਲਾਈ ਜਾਵੇ ਤਾਂ ਜੋ ਮਹਾਂਮਾਰੀ ਦੇ ਬਿਹਤਰ ਨਜਿੱਠਣ ਲਈ ਸਮੂਹਕ ਕਾਰਵਾਈ ਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਸਕੇ।"
ਸਿਹਤ ਬਾਰੇ ਸੰਸਦ ਦੀ ਸਥਾਈ ਕਮੇਟੀ ਦੀ ਮੀਟਿੰਗ ਬੁਲਾਈ ਜਾਵੇ
ਕੋਰੋਨਾ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਡਿਜੀਟਲ ਬੈਠਕ ਵਿੱਚ ਸੋਨੀਆ ਨੇ ਇਹ ਵੀ ਕਿਹਾ ਕਿ ਸਿਹਤ ਬਾਰੇ ਸੰਸਦੀ ਸਥਾਈ ਕਮੇਟੀ ਦੀ ਬੈਠਕ ਬੁਲਾਈ ਜਾਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਮਹਾਂਮਾਰੀ ਦੇ ਬਿਹਤਰ ਨਜਿੱਠਣ ਤੇ ਜਵਾਬਦੇਹੀ ਤੈਅ ਕਰਨ ਲਈ ਕਦਮ ਚੁੱਕੇ ਗਏ ਹਨ।
ਉਨ੍ਹਾਂ ਕਿਹਾ, “ਦੇਸ਼ ਇੱਕ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ ਤੇ ਲੱਖਾਂ ਲੋਕ ਮੁੱਢਲੀਆਂ ਸਿਹਤ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ। ਇਹ ਵੇਖਕੇ ਦੁੱਖ ਹੋਇਆ ਹੈ ਕਿ ਲੋਕ ਹਸਪਤਾਲਾਂ ਤੇ ਸੜਕਾਂ 'ਤੇ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ ਤੇ ਕਿਸੇ ਵੀ ਤਰੀਕੇ ਨਾਲ ਡਾਕਟਰੀ ਇਲਾਜ ਚਾਹੁੰਦੇ ਹਨ।" ਉਨ੍ਹਾਂ ਸਵਾਲ ਕੀਤਾ, “ਮੋਦੀ ਸਰਕਾਰ ਕੀ ਕਰ ਰਹੀ ਹੈ? ਲੋਕਾਂ ਦੇ ਦੁੱਖ ਤੇ ਤਕਲੀਫ਼ਾਂ ਨੂੰ ਘਟਾਉਣ ਦੀ ਬਜਾਏ, ਉਨ੍ਹਾਂ ਨੇ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੇ ਫਰਜ਼ ਨਿਭਾਉਣ ਤੋਂ ਪਾਸਾ ਵੱਟ ਲਿਆ ਹੈ।''
ਸੋਨੀਆ ਗਾਂਧੀ ਮੁਤਾਬਕ, ਸਰਕਾਰ ਦੇ ਆਪਣੇ ਅਧਿਕਾਰਤ ਸਮੂਹ ਤੇ ਰਾਸ਼ਟਰੀ ਟਾਸਕ ਫੋਰਸ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਆਵੇਗੀ। ਇਸ ਲਈ ਤਿਆਰੀ ਕਰਨ ਦੀ ਬੇਨਤੀ ਕੀਤੀ ਗਈ ਸੀ।
ਟੀਕਿਆਂ ਦਾ ਸਮੇਂ ਸਿਰ ਆਰਡਰ ਦੇਣ 'ਚ ਨਾਕਾਮ ਰਹੀ ਸਰਕਾਰ
ਉਨ੍ਹਾਂ ਕਿਹਾ, “ਸਿਹਤ ਸਬੰਧੀ ਸੰਸਦ ਦੀ ਸਥਾਈ ਕਮੇਟੀ ਤੇ ਵਿਰੋਧੀ ਪਾਰਟੀਆਂ ਨੇ ਸਾਡੀ ਤਿਆਰੀ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਸੀ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਇਸ ਸਾਲ ਹੰਕਾਰ ਨਾਲ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ 'ਤੇ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਦੀ ਪਾਰਟੀ ਨੇ ਇਸ ਅਖੌਤੀ ਸਫਲਤਾ ਲਈ ਉਨ੍ਹਾਂ ਦਾ ਸਨਮਾਨ ਕੀਤਾ ਹੈ।"
ਸੋਨੀਆ ਨੇ ਦਾਅਵਾ ਕੀਤਾ, “ਮਾਹਰ ਦੀ ਸਲਾਹ ਦੀ ਅਣਦੇਖੀ ਕਰਦਿਆਂ, ਮੋਦੀ ਸਰਕਾਰ ਨੇ ਆਕਸੀਜਨ, ਦਵਾਈਆਂ ਤੇ ਵੈਂਟੀਲੇਟਰਾਂ ਦੀ ਸਪਲਾਈ ਨੂੰ ਮਜ਼ਬੂਤ ਨਹੀਂ ਕੀਤਾ। ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਟੀਕਿਆਂ ਦੇ ਸਮੇਂ ਸਿਰ ਆਰਡਰ ਦੇਣ ਵਿੱਚ ਅਸਫਲ ਰਹੀ। ਇਸ ਦੇ ਨਾਲ ਹੀ ਉਨ੍ਹਾਂ (ਮੋਦੀ) ਨੇ ਉਨ੍ਹਾਂ ਪ੍ਰਾਜੈਕਟਾਂ ਲਈ ਹਜ਼ਾਰਾਂ ਕਰੋੜਾਂ ਰੁਪਏ ਜਾਰੀ ਕੀਤੇ ਜਿਨ੍ਹਾਂ ਦਾ ਜਨਤਾ ਦੀ ਭਲਾਈ ਨਾਲ ਕੋਈ ਲੈਣਾ ਦੇਣਾ ਨਹੀਂ।
ਉਨ੍ਹਾਂ ਨੇ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਸੰਸਦ ਨੇ ਕੋਰੋਨਾ ਦੇ ਮੁਫਤ ਟੀਕਾਕਰਨ ਲਈ 35000 ਰੁਪਏ ਦੀ ਵਿਵਸਥਾ ਕੀਤੀ, ਪਰ ਮੋਦੀ ਸਰਕਾਰ ਆਪਣਾ ਭਾਰ ਸੂਬਾ ਸਰਕਾਰਾਂ ‘ਤੇ ਪਾ ਰਹੀ ਹੈ। ਉਨ੍ਹਾਂ ਨੇ ਟੀਕਿਆਂ ਦੀਆਂ ਵੱਖ-ਵੱਖ ਕੀਮਤਾਂ ਨੂੰ ਮਨਜ਼ੂਰੀ ਦਿੱਤੀ ਤੇ ਟੀਕਿਆਂ ਦਾ ਨਿਰਮਾਣ ਵਧਾਉਣ ਲਈ ਜ਼ਰੂਰੀ ਲਾਇਸੈਂਸ ਨਹੀਂ ਦਿੱਤੇ।“
ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ, "ਮੋਦੀ ਸਰਕਾਰ ਦੀ ਗੈਰਬਰਾਬਰੀ ਵਾਲੀ ਟੀਕਾਕਰਨ ਨੀਤੀ ਕਾਰਨ ਕਰੋੜਾਂ ਦਲਿਤ, ਆਦਿਵਾਸੀ, ਓਬੀਸੀ, ਗਰੀਬ ਤੇ ਕਮਜ਼ੋਰ ਲੋਕ ਟੀਕੇ ਤੋਂ ਅਣਗੌਲੇ ਕੀਤੇ ਜਾਣਗੇ। ਇਹ ਹੈਰਾਨੀ ਦੀ ਗੱਲ ਹੈ ਕਿ ਮੋਦੀ ਸਰਕਾਰ ਨੇ ਲੋਕਾਂ ਪ੍ਰਤੀ ਆਪਣੀ ਨੈਤਿਕ ਵਚਨਬੱਧਤਾ ਅਤੇ ਫਰਜ਼ ਤਿਆਗ ਦਿੱਤੇ ਹਨ।"
ਸਰਕਾਰ ਸਰੋਤਾਂ ਦੀ ਵਰਤੋਂ ਕਰਨ 'ਚ ਅਸਫਲ
ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ, "ਇਹ ਸਪੱਸ਼ਟ ਕਰਨ ਦੀ ਜ਼ਰੂਰਤ ਹੈ ਕਿ ਸਿਸਟਮ ਅਸਫਲ ਨਹੀਂ ਹੋਇਆ ਹੈ। ਮੋਦੀ ਸਰਕਾਰ ਭਾਰਤ ਦੀਆਂ ਬਹੁਤ ਸਾਰੀਆਂ ਯੋਗਤਾਵਾਂ ਅਤੇ ਸਰੋਤਾਂ ਦੀ ਵਰਤੋਂ ਕਰਨ ਵਿੱਚ ਅਸਮਰਥ ਰਹੀ ਹੈ। ਮੈਂ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦੀ ਹਾਂ ਕਿ ਅੱਜ ਭਾਰਤ ਨੂੰ ਰਾਜਨੀਤਿਕ ਲੀਡਰਸ਼ਿਪ ਨੇ ਕਮਜ਼ੋਰ ਬਣਾ ਦਿੱਤਾ ਹੈ ਜਿਸ ਨੂੰ ਲੋਕਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਮੋਦੀ ਸਰਕਾਰ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਤੌਰ 'ਤੇ ਲਿਖੇ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਵਿਰੋਧੀ ਧਿਰ ਦੇ ਸੁਝਾਵਾਂ ਨੂੰ ਨਜ਼ਰ ਅੰਦਾਜ਼ ਕੀਤਾ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਨੇ ਸੰਕਟ ਦੀ ਇਸ ਘੜੀ ਵਿੱਚ ਪਾਰਟੀ ਅਤੇ ਇਸ ਦੀਆਂ ਵੱਖ-ਵੱਖ ਸੰਸਥਾਵਾਂ, ਖ਼ਾਸਕਰ ਯੂਥ ਕਾਂਗਰਸ ਦੀ ਲੋਕਾਂ ਦੀ ਮਦਦ ਕਰਨ ਲਈ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: Supreme Court ਦਾ ਕੇਂਦਰ ਸਰਕਾਰ ਨੂੰ ਦੱਬਕਾ! ਦਿੱਲੀ ਨੂੰ ਰੋਜ਼ਾਨਾ 700 ਮੀਟਰਿਕ ਟਨ Oxygen ਦੇਣੀ ਹੀ ਪੈਣੀ, ਸਖਤੀ ਲਈ ਮਜਬੂਰ ਨਾ ਕਰੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin