ਨਵੀਂ ਦਿੱਲੀ :  ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀ ਚਰਚਾ ਵਿਚਾਲੇ ਕਈ ਕਾਂਗਰਸੀ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਇਕ ਵਾਰ ਫਿਰ ਤੋਂ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਕਿਹਾ ਹੈ। ਹਾਲਾਂਕਿ ਸੋਨੀਆ ਗਾਂਧੀ ਨੇ ਪ੍ਰਧਾਨ ਦਾ ਅਹੁਦਾ ਲੈਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ। ਸੋਨੀਆ ਗਾਂਧੀ ਤੋਂ ਪਹਿਲਾਂ ਰਾਹੁਲ ਗਾਂਧੀ ਵੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ।


 

ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਇਹ ਤੈਅ ਹੋ ਗਿਆ ਹੈ ਕਿ ਕਾਂਗਰਸ ਨੂੰ ਦਹਾਕਿਆਂ ਬਾਅਦ ਗੈਰ-ਗਾਂਧੀ ਪ੍ਰਧਾਨ ਮਿਲਣ ਜਾ ਰਿਹਾ ਹੈ। ਗਾਂਧੀ ਪਰਿਵਾਰ ਦੇ ਇਨਕਾਰ ਤੋਂ ਬਾਅਦ ਅਸ਼ੋਕ ਗਹਿਲੋਤ ਅਤੇ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਤੈਅ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਸਾਬਕਾ ਸੀਐਮ ਦਿਗਵਿਜੇ ਸਿੰਘ ਨੇ ਚੋਣ ਲੜਨ ਦੇ ਸਵਾਲ ਤੋਂ ਨਾ ਤਾਂ ਇਨਕਾਰ ਕੀਤਾ ਹੈ ਅਤੇ ਨਾ ਹੀ ਸਹਿਮਤੀ ਪ੍ਰਗਟਾਈ ਹੈ।

 


ਕਾਂਗਰਸੀ ਸੂਤਰਾਂ ਦਾ ਦਾਅਵਾ ਹੈ ਕਿ ਰਾਹੁਲ ਗਾਂਧੀ 'ਭਾਰਤ ਜੋੜੋ ਯਾਤਰਾ' ਤੋਂ ਕੋਈ ਬ੍ਰੇਕ ਨਹੀਂ ਲੈ ਰਹੇ ਹਨ ਅਤੇ ਫਿਲਹਾਲ ਉਨ੍ਹਾਂ ਦਾ ਦਿੱਲੀ ਆਉਣ ਦਾ ਕੋਈ ਇਰਾਦਾ ਨਹੀਂ ਹੈ। ਇਸ ਤੋਂ ਸਾਫ਼ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਕਾਂਗਰਸ ਦੀ ਵਾਗਡੋਰ ਕਿਸੇ ਹੋਰ ਨੂੰ ਸੌਂਪ ਕੇ ਸਾਰਾ ਧਿਆਨ ਕਾਂਗਰਸ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ​​ਕਰਨ ਅਤੇ ਆਮ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਮੁਹਿੰਮ 'ਤੇ ਬਣੇ ਰਹਿਣਾ ਚਾਹੁੰਦੇ ਹਨ।

 

ਓਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੇ ਸਪੱਸ਼ਟ ਸੰਕੇਤ ਦੇਣ ਤੋਂ ਬਾਅਦ ਬੁੱਧਵਾਰ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸੋਨੀਆ ਗਾਂਧੀ ਨੇ ਸਾਰੇ ਉਮੀਦਵਾਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਪਾਰਟੀ ਪ੍ਰਧਾਨ ਦੀ ਚੋਣ ਆਜ਼ਾਦ ਅਤੇ ਨਿਰਪੱਖ ਹੋਵੇਗੀ। ਉਹ ਕਿਸੇ ਦੇ ਨਾਂ ਦੀ ਸਿਫ਼ਾਰਸ਼ ਨਹੀਂ ਕਰੇਗੀ।

ਅਸ਼ੋਕ ਗਹਿਲੋਤ ਨੇ ਕਿਹਾ, "ਇਹ ਕਹਿਣਾ ਬਿਲਕੁਲ ਗਲਤ ਹੈ ਕਿ ਗਹਿਲੋਤ ਮੁੱਖ ਮੰਤਰੀ ਦਾ ਅਹੁਦਾ ਨਹੀਂ ਛੱਡਣਾ ਚਾਹੁੰਦੇ। ਸੋਨੀਆ ਗਾਂਧੀ ਜੋ ਕਹੇਗੀ, ਮੈਂ ਉਹੀ ਕਰਾਂਗਾ ,ਪਰ ਇਹ ਇੱਕ ਚੋਣ ਹੈ। ਇਸ 'ਚ ਇਹ ਜ਼ਰੂਰੀ ਨਹੀਂ ਹੈ ਕਿ ਇਕ ਵਿਅਕਤੀ-ਇਕ ਅਹੁਦਾ ਹੋਵੇ, ਫਿਰ ਵੀ ਜੇਕਰ ਲੀਡਰਸ਼ਿਪ ਇਹ ਕਹਿੰਦੀ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਕਿਸੇ ਹੋਰ ਨੂੰ ਦੇਣਾ ਹੈ ਤਾਂ ਉਹ ਜੋ ਵੀ ਫੈਸਲਾ ਕਰਨਗੇ ,ਉਹ ਮਨਜ਼ੂਰ ਹੋਵੇਗਾ।