ਸੋਨੀਪਤ: ਇੱਥੋਂ ਦੇ ਆਮ ਹਸਪਤਾਲ ਵਿੱਚ ਅਪਾਹਜਾਂ ਦੀ ਪੈਨਸ਼ਨ ਬਣਾ ਕੇ ਦੇਣ ਬਦਲੇ ਉਨ੍ਹਾਂ ਕੋਲੋਂ ਮੋਟੀ ਰਿਸ਼ਵਤ ਮੰਗੀ ਜਾਂਦੀ ਹੈ। ਇਸ ਮਾਮਲੇ ਵਿੱਚ ਇੱਕ ਜਾਗਰੂਕ ਅਪਾਹਜ ਨੇ ਸੋਨੀਪਤ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਤੇ ਇਸ ਦੀ ਵੀਡੀਓ ਵੀ ਪੁਲਿਸ ਨੂੰ ਸੌਪੀ। ਮਗਰੋਂ ਸੋਨੀਪਤ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲੇ ਵਿੱਚ ਦੋ ਡਾਕਟਰਾਂ ਤੇ ਇੱਕ ਸਹਾਇਕ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਸੋਨੀਪਤ ਦੇ ਪਿੰਡ ਪਿਨਾਨਾ ਦੇ ਰਹਿਣ ਵਾਲੇ ਰਾਜ ਸਿੰਘ ਨਾਂ ਦੇ ਇੱਕ ਨੌਜਵਾਨ ਨੇ ਸੋਨੀਪਤ ਸਿਵਲ ਲਾਈਨ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਆਮ ਹਸਪਤਾਲ ਵਿੱਚ ਵਿਕਲਾਂਗ ਪੈਨਸ਼ਨ ਬਣਵਾਉਣ ਲਈ ਗਿਆ ਤਾਂ ਉੱਥੇ ਮੌਜੂਦ ਡਾਕਟਰ ਸ਼ੇਲਿੰਦਰ ਰਾਣਾ ਤੇ ਨਿਤਿਨ ਸ਼ਰਮਾ ਦੇ ਇਲਾਵਾ ਸਹਾਇਕ ਰਾਜ ਕੁਮਾਰ ਨੇ ਉਸ ਕੋਲੋਂ 40,000 ਰੁਪਏ ਰਿਸ਼ਵਤ ਦੀ ਡਿਮਾਂਡ ਕੀਤੀ।


ਰਾਜ ਸਿੰਘ ਨੇ ਇਸ ਦੀ ਵੀਡੀਓ ਰਿਕਾਰਡ ਕਰ ਲਈ ਤੇ ਸਬੂਤ ਵਜੋਂ ਪੁਲਿਸ ਨੂੰ ਸੌਪ ਦਿੱਤੀ। ਇਸੇ ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਕਾਨੂੰਨ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।