ਸੋਨੀਪਤ: ਕਰੋੜਾਂ ਦੇ ਸ਼ਰਾਬ ਘੁਟਾਲੇ 'ਚ ਐਸਆਈਟੀ ਨੇ ਵੱਡੀ ਕਾਰਵਾਈ ਕੀਤੀ ਹੈ। ਐਸਆਈਟੀ ਨੇ ਸ਼ਰਾਬ ਤਸਕਰ ਭੁਪਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਹੁਣ ਭੁਪਿੰਦਰ ਤੋਂ ਪੁੱਛਗਿੱਛ ਕਰ ਰਹੇ ਹਨ। ਭੁਪਿੰਦਰ ਨੂੰ ਅੱਜ ਦੁਪਿਹਰ ਬਾਅਦ ਡੀਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਘੁਟਾਲੇ 'ਚ ਸ਼ਰਾਬ ਦੀਆਂ ਕੁਲ 5500 ਪੇਟੀਆਂ ਗਾਇਬ ਹੋਈਆਂ ਸਨ। ਇਸ ਮਾਮਲੇ  ਫਰਵਰੀ 2019 ਤੋਂ ਹੁਣ ਤੱਕ ਖਰਖੌਦਾ ਥਾਣੇ ਦੇ ਸਾਰੇ ਥਾਣੇਦਾਰਾਂ ਦੀ ਜਾਂਚ ਕੀਤੀ ਜਾਏਗੀ।

ਉਧਰ, ਪੁਲਿਸ ਟੀਮ ਪੇਸ਼ੀ ਤੋਂ ਪਹਿਲਾਂ ਭੁਪਿੰਦਰ ਨੂੰ ਖਰਖੌਦਾ ਅਨਾਜ ਮੰਡੀ ਲੈ ਕੇ ਗਈ ਹੈ। ਪੁਲਿਸ ਨੇ ਉਸਨੂੰ ਅਨਾਜ ਮੰਡੀ 'ਚ ਇੱਕ ਟ੍ਰੇਡਿੰਗ ਕੰਪਨੀ ਦੇ ਦਫਤਰ ਲੈ ਕੇ ਨਿਸ਼ਾਨਦੇਹੀ ਕਰਵਾਈ ਹੈ। ਪੁਲਿਸ ਭੁਪਿੰਦਰ ਦੀ ਤਲਾਸ਼ ਕਰ ਰਹੀ ਸੀ। ਹਰਿਆਣਾ ਪੁਲਿਸ ਦੀ ਟੀਮ ਨੇ ਚੰਡੀਗੜ੍ਹ 'ਚ ਭੁਪਿੰਦਰ ਦੇ ਘਰ ਵੀ ਛਾਪੇਮਾਰੀ ਕੀਤੀ ਸੀ।





ਸੰਕੇਤਕ ਤਸਵੀਰ

ਛਾਪੇਮਾਰੀ ਦੌਰਾਨ ਪੁਲਿਸ ਨੇ 97 ਲੱਖ ਰੁਪਏ ਦੀ ਨਕਦੀ, 2 ਪਿਸਟਲ ਤੇ 3 ਮੋਬਾਈਲ ਫੋਨ ਵੀ ਜ਼ਬਤ ਕੀਤੇ  ਸਨ। ਏਬੀਪੀ ਨਿਊਜ਼ ਨੇ ਇਸ ਸ਼ਰਾਬ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਲੌਕਡਾਊਨ ਦੌਰਾਨ ਗੋਦਾਮ 'ਚੋਂ ਕਰੋੜਾਂ ਦੀ ਸ਼ਰਾਬ ਗਾਇਬ ਹੋ ਗਈ ਸੀ।




ਡੀਐਸਪੀ ਹੈੱਡਕੁਆਰਟਰ ਜਿਤੇਂਦਰ ਖਟਕੜ ਦੀ ਅਗਵਾਈ 'ਚ ਐਸਆਈਟੀ ਜਾਂਚ ਕਰ ਰਹੀ ਹੈ। ਦਰਅਸਲ, ਸੋਨੀਪਤ ਜ਼ਿਲ੍ਹੇ ਵਿੱਚ ਖਰਖੌਦਾ ਸਥਿਤ ਮੁੱਖ ਗੋਦਾਮ ਵਿਚੋਂ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ (ਆਈਐਮਐਫਐਲ) ਗਾਇਬ ਹੋਣ ਦਾ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਸੀ।








ਖਰਖੌਦਾ ਥਾਣੇ ਦੇ 2 ਸਾਬਕਾ ਐਸਐਚਓ ਸਣੇ ਕਈ ਪੁਲਿਸ ਕਰਮਚਾਰੀਆਂ 'ਤੇ ਐਫਆਈਆਰ ਦਰਜ ਹੋਈ ਸੀ। ਐਸਪੀ ਜਸ਼ਨਦੀਪ ਰੰਧਾਵਾ ਨੇ ਇਸ ਕੇਸ 'ਚ ਤਸਕਰਾਂ ਤੇ ਪੁਲਿਸ ਦੇ ਗਠਜੋੜ ਦੀ ਗੱਲ ਮੰਨੀ ਸੀ। ਇਸ ਗੱਲ ਦਾ ਖੁਲਾਸਾ ਵੀ ਹੋਇਆ ਸੀ ਕਿ ਪੁਲਿਸ ਗਦਾਮ ਨੂੰ ਗੈਰ-ਕਾਨੂੰਨੀ ਢੰਗ ਨਾਲ ਵਰਤ ਰਹੀ ਸੀ। ਪੁਲਿਸ ਵਿਭਾਗ ਕੋਲ ਗੋਦਾਮ ਦੇ ਕਿਰਾਏ ਬਾਰੇ ਵੀ ਕੋਈ ਦਸਤਾਵੇਜ਼ ਨਹੀਂ ਸਨ।