ਸੋਨੀਪਤ: ਸਿੰਘੂ ਬਾਰਡਰ ਤੋਂ ਬਾਅਦ ਬਹਾਦਰਗੜ੍ਹ ਟਿੱਕਰੀ ਬਾਰਡਰ 'ਤੇ ਵੀ ਕਿਸਾਨਾਂ ਲਈ ਕੋਰੋਨਾ ਵੈਕਸੀਨ ਸੈਂਟਰ ਬਣਵਾਇਆ ਗਿਆ ਹੈ। ਡਾਕਟਰਾਂ ਦੀ ਟੀਮ ਵੈਕਸੀਨ ਸੈਂਟਰ 'ਚ ਤਾਇਨਾਤ ਕੀਤੀ ਗਈ ਹੈ। ਹੁਣ ਤਕ ਕਿਸੇ ਵੀ ਕਿਸਾਨ ਨੇ ਵੈਕਸੀਨ ਨਹੀਂ ਲਵਾਈ। ਡਾ.ਵਿਨੈ ਦੇਸ਼ਵਾਲ ਤੇ ਡਾ. ਸੁਨੀਤਾ ਸਿਹਤ ਕਰਮੀਆਂ ਨਾਲ ਕਿਸਾਨਾਂ ਨੂੰ ਸਮਝਾਉਣ 'ਚ ਜੁੱਟੇ ਹੋਏ ਹਨ। ਕਿਸਾਨਾਂ ਵਿੱਚ ਜਾ ਕੇ ਕਿਸਾਨਾਂ ਨੂੰ ਵੈਕਸੀਨ ਲਵਾਉਣ ਲਈ ਮਨਾ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਕੋਰੋਨਾ ਨਹੀਂ ਹੈ। ਇਹ ਅੰਦੋਲਨ ਖਤਮ ਕਰਨ ਦੀ ਸਾਜ਼ਿਸ਼ ਹੈ। ਕਿਸਾਨਾਂ ਨੂੰ ਸਮਝਾਉਣ ਲਈ ਉਨ੍ਹਾਂ ਦੇ ਸਾਹਮਣੇ ਸਿਹਤ ਕਰਮੀ ਵੈਕਸੀਨ ਲਵਾਉਣ ਲਈ ਤਿਆਰ ਹਨ। ਹੁਣ ਸਿਹਤ ਵਿਭਾਗ ਦੇ ਡਾਕਟਰ ਕਿਸਾਨ ਲੀਡਰਾਂ ਨਾਲ ਗੱਲ ਕਰਨਗੇ।
ਕਿਸਾਨਾਂ ਨੇ ਕਿਹਾ ਟਿੱਕਰੀ ਬਾਰਡਰ 'ਤੇ ਉਹ ਚਾਰ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ। ਉਨ੍ਹਾਂ ਨੂੰ ਕੁਝ ਨਹੀਂ ਹੋਇਆ। ਉਹ ਕੋਰੋਨਾ ਵੈਕਸੀਨ ਨਹੀਂ ਲਵਾਉਣਗੇ ਕਿਉਂਕਿ ਇਹ ਸਰਕਾਰ ਦੀ ਚਾਲ ਹੈ ਤੇ ਸਰਕਾਰ ਉਨ੍ਹਾਂ ਦੇ ਅੰਦੋਲਨ ਨੂੰ ਤੋੜਨਾ ਚਾਹੁੰਦੀ ਹੈ। ਉਹ ਜਾਣਬੁੱਝ ਕੇ ਹੁਣ ਵੈਕਸੀਨ ਲਵਾ ਰਹੇ ਹਨ। ਸਾਨੂੰ ਡਾਕਟਰਾਂ 'ਤੇ ਤਾਂ ਪੂਰਾ ਯਕੀਨ ਹੈ ਪਰ ਸਰਕਾਰ 'ਤੇ ਸਾਨੂੰ ਕੋਈ ਭਰੋਸਾ ਨਹੀਂ। ਇਸ ਲਈ ਚਾਹੇ ਕਿੰਨੇ ਵੀ ਹੋਰ ਕੈਂਪ ਇੱਥੇ ਲਾ ਲੈਣ ਅਸੀਂ ਵੈਕਸੀਨ ਨਹੀਂ ਲਵਾਵਾਂਗੇ।
ਕੈਂਪ 'ਚ ਮੌਜੂਦ ਸਿਹਤ ਕਰਮੀ ਤੇ ਡਾਕਟਰ ਨੇ ਦੱਸਿਆ ਕਿ ਕਿਸਾਨਾਂ ਲਈ ਵੈਕਸੀਨੇਸ਼ਨ ਕੈਂਪ ਲਵਾਇਆ ਹੈ ਪਰ ਅਜੇ ਤਕ ਕੋਈ ਕਿਸਾਨ ਵੈਕਸੀਨ ਲਵਾਉਣ ਲਈ ਨਹੀਂ ਪਹੁੰਚਿਆ। ਸਾਨੂੰ ਉਮੀਦ ਹੈ ਕਿ ਕਿਸਾਨ ਜ਼ਰੂਰ ਆਉਣਗੇ, ਪਰ ਅਜੇ ਤਕ ਕੋਈ ਕਿਸਾਨ ਨਹੀਂ ਪਹੁੰਚਿਆ। ਸਿਹਤ ਕਰਮੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜਾਗਰੂਕ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਫਿਲਹਾਲ ਸਾਡੀ ਟੀਮ ਕਿਸਾਨਾਂ ਦੇ ਵਿਚ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿਸਾਨ ਲੀਡਰਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਸਾਨੂੰ ਉਮੀਦ ਹੈ ਕਿ ਉਹ ਗੱਲ ਮੰਨਣਗੇ ਤੇ ਵੈਕਸੀਨ ਲਾਉਣਗੇ।