ਚੰਡੀਗੜ੍ਹ: ਸੋਨੀਪਤ ਐਸਟੀਐਫ ਟੀਮ ਨੇ ਮੂਰਥਲ ਟੋਲ ਤੋਂ ਦੇਰ ਰਾਤ ਹਰਿਆਣਾ ਦੇ ਮੋਸਟ ਵਾਂਟਿਡ ਗਰੋਹ ਦੇ ਚਾਰ ਬਦਮਾਸ਼ਾਂ ਨੂੰ ਕਾਬੂ ਕਰ ਕੀਤਾ। ਚਾਰੇ ਗ੍ਰਿਫ਼ਤਾਰ ਬਦਮਾਸ਼ਾਂ ਦੀ ਪਛਾਣ ਨਿਰੰਜਨ ਨਿਵਾਸੀ ਚਰਖੀ ਦਾਦਰੀ, ਨਵਨੀਤ ਉਰਫ ਡਾਕਟਰ ਨਿਵਾਸੀ ਹਿਸਾਰ, ਪ੍ਰਦੀਪ ਨਿਵਾਸੀ ਪਿਪਲੀ ਤੇ ਅਜੇ ਨਿਵਾਸੀ ਮੋਰਖੇੜੀ ਰੋਹਤਕ ਵਜੋਂ ਹੋਈ ਹੈ। ਇਨ੍ਹਾਂ ਚਾਰਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ। ਇਨ੍ਹਾਂ ਕੋਲੋਂ 2 ਫਾਰਚੂਨਰ, ਇੱਕ ਸਕਾਰਪੀਓ ਤੇ ਇੱਕ ਕਰੇਟਾ ਕਾਰ ਬਰਾਮਦ ਕੀਤੀ ਗਈ ਹੈ।

ਚਾਰੇ ਬਦਮਾਸ਼ ਪਹਿਲਾਂ ਲੁੱਟੀਆਂ ਹੋਈਆਂ ਕਾਰਾਂ ਦੇ ਇੰਜਣ ਨੰਬਰ ਬਦਲ ਕੇ ਦੁਬਾਰਾ ਪਾਸ ਕਰਾ ਕੇ ਨਵਾਂ ਨੰਬਰ ਲੈਂਦੇ ਤੇ ਫਿਰ ਗੱਡੀ ਨੂੰ ਸਸਤੇ ਭਾਅ ਵੇਚ ਦਿੰਦੇ ਸੀ। ਹੁਣ ਐਸਟੀਐਫ ਨੂੰ ਇਨ੍ਹਾਂ ਤੋਂ ਕਈ ਵਾਰਦਾਤਾਂ ਦੇ ਖ਼ੁਲਾਸੇ ਹੋਣ ਦੀ ਉਮੀਦ ਹੈ। ਕਾਬੂ ਕੀਤੇ ਬਦਮਾਸ਼ਾਂ ਵਿੱਚੋਂ ਨਵਨੀਤ ਉਰਫ ਡਾਕਟਰ ਇੰਜਣ ਤੇ ਚੇਸਿਸ ਨੰਬਰ ਬਦਲਵਾਉਣ ਵਾਲੇ ਗੈਂਗ ਦਾ ਮੁਖੀ ਹੈ।

ਨਿਰੰਜਨ ਤੇ ਅਜੇ ਦੋਵੇਂ ਫਰਜ਼ੀ ਕਾਗਜ਼ਾਤ ਤਿਆਰ ਕਰਵਾਉਂਦੇ ਸੀ ਤੇ ਆਰਟੀਓ ਤੋਂ ਗੱਡੀ ਦਾ ਨਵਾਂ ਨੰਬਰ ਲੈਂਦੇ ਸੀ। ਪੁਲਿਸ ਦੀ ਜਾਂਚ ਵਿੱਚ ਆਰਟੀਓ ਦਫ਼ਤਰ ਦੇ ਮੁਲਾਜ਼ਮ ਵੀ ਦੋਸ਼ੀ ਪਾਏ ਜਾ ਸਕਦੇ ਹਨ। ਇਸ ਮਾਮਲੇ ਵਿੱਚ ਸੋਨੀਪਤ ਐਸਟੀਐਫ ਦੇ ਡੀਐਸਪੀ ਰਾਹੁਲ ਦੇਵ ਨੇ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਚਾਰੇ ਬਦਮਾਸ਼ ਵਿਕਾਸ ਭਦਾਨਾ, ਪ੍ਰਦੀਪ ਪਿਪਲੀ ਤੇ ਡਾਕਟਰ ਉਰਫ ਸੁਨੀਲ ਗੈਂਗ ਲਈ ਕੰਮ ਕਰਦੇ ਹਨ।