ਕੋਲਕਾਤਾ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਖੀ ਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਲੱਗਦੀਆਂ ਰਹੀਆਂ ਹਨ। ਬੀਤੇ ਦਿਨੀਂ ਉਨ੍ਹਾਂ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਸ਼ੁਰੂ ਹੋ ਗਈ ਹੈ।

‘ਭਾਜਪਾ ’ਚ ਸ਼ਾਮਲ ਹੋਣ’ ਦੀ ਸੰਭਾਵਨਾ ਬਾਰੇ ਪੁੱਛੇ ਜਾਣ ਵਾਲੇ ਸੁਆਲ ਉੱਤੇ ਪਹਿਲੀ ਵਾਰ ਪ੍ਰਤੀਕਰਮ ਪ੍ਰਗਟਾਉਂਦਿਆਂ ਸੌਰਵ ਗਾਂਗੁਲੀ ਨੇ ਕਿਹਾ ਹੈ, ‘ਜੇ ਰਾਜਪਾਲ ਤੁਹਾਨੂੰ ਮਿਲਣਾ ਚਾਹੁੰਦੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਜ਼ਰੂਰ ਮਿਲੋਗੇ ਤੇ ਕਿਉਂ ਨਾ ਆਪਾਂ ਇਸੇ ਨਜ਼ਰ ਤੋਂ ਵੇਖੀਏ।’

ਰਾਜ ਭਵਨ ਦੇ ਸੂਤਰਾਂ ਨੇ ਦੱਸਿਆ ਕਿ ਸੌਰਵ ਗਾਂਗੁਲੀ ਤੇ ਰਾਜਪਾਲ ਦੀ ਇਹ ਸਦਭਾਵਨਾ ਮੁਲਾਕਾਤ ਸੀ ਤੇ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਂਝ ਅਗਲੇ ਵਰ੍ਹੇ ਅਪ੍ਰੈਲ-ਮਈ ’ਚ ਹੋਣ ਵਾਲੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਸੌਰਵ ਗਾਂਗੁਲੀ ਦੇ ਸਿਆਸਤ ਵਿੱਚ ਆਉਣ ਬਾਰੇ ਕਿਆਸ-ਅਰਾਈਆਂ ਲੱਗ ਰਹੀਆਂ ਹਨ।

ਸੌਰਵ ਗਾਂਗੁਲੀ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਰਾਜਪਾਲ ਨਾਲ ਮੁਲਾਕਾਤ ਕਿਉਂ ਕੀਤੀ ਸੀ। ਉਨ੍ਹਾਂ ਸਿਰਫ਼ ਇਹੋ ਆਖਿਆ ਕਿ ਕਈ ਵੱਖੋ-ਵੱਖਰੇ ਮੁੱਦਿਆਂ ਉੱਤੇ ਗੱਲਬਾਤ ਹੋਈ। ਉਂਝ ਰਾਜਪਾਲ ਨੇ ਟਵੀਟ ਕਰ ਕੇ ਦੱਸਿਆ, ‘BCCI ਮੁਖੀ ਸੌਰਵ ਗਾਂਗੁਲੀ ਨਾਲ ਐਤਵਾਰ ਸ਼ਾਮੀਂ ਸਾਢੇ ਚਾਰ ਵਜੇ ਵੱਖੋ-ਵੱਖਰੇ ਮੁੱਦਿਆਂ ਉੱਤੇ ਗੱਲਬਾਤ ਹੋਈ। ਦੇਸ਼ ਦੇ ਸਭ ਤੋਂ ਪੁਰਾਣੇ ਕ੍ਰਿਕੇਟ ਮੈਦਾਨ ਈਡਨ-ਗਾਰਡਨ ਦਾ ਦੌਰਾ ਕਰਨ ਦਾ ਉਨ੍ਹਾਂ ਦਾ ਪ੍ਰਸਤਾਵ ਮਨਜ਼ੂਰ ਕੀਤਾ। ਈਡਨ ਗਾਰਡਨ ਦੀ ਸਥਾਪਨਾ 1864 ’ਚ ਹੋਈ ਸੀ।’